ਜ਼ੀਰਾ, 31 ਜਨਵਰੀ (ਰਜਨੀਸ਼ ਕਥੂਰੀਆ)-ਪਿੰਡ ਹੋਲਾਂਵਾਲੀ ਤੋਂ ਨੌਜਵਾਨ ਤੇ ਸਰਗਰਮ ਸ਼ਖ਼ਸੀਅਤ ਲਾਲਜੀਤ ਸਿੰਘ ਖੋਸਾ ਨੂੰ ਸਹਿਕਾਰੀ ਬੈਂਕ ਫ਼ਿਰੋਜ਼ਪੁਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਉਹ ਸਮਾਜ ਸੇਵੀ ਗਤੀਵਿਧੀਆਂ 'ਚ ਵੀ ਕਾਫ਼ੀ ਸਰਗਰਮ ਰਹੇ ਹਨ | ਇਸ ਅਹਿਮ ਨਿਯੁਕਤੀ ਨਾਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪਾਰਟੀ ਵਰਕਰਾਂ ਵਲੋਂ ਇਸ ਨੂੰ ਨੌਜਵਾਨਾਂ ਲਈ ਹੌਸਲਾ ਅਫ਼ਜ਼ਾਈ ਵਾਲਾ ਕਦਮ ਕਰਾਰ ਦਿੱਤਾ ਜਾ ਰਿਹਾ ਹੈ | ਇਸੇ ਤਰ੍ਹਾਂ ਸਾਬਕਾ ਸਰਪੰਚ ਬਲਰਾਜ ਸਿੰਘ ਬੋਤੀਆਂ ਵਾਲਾ ਨੂੰ ਵੀ ਡਾਇਰੈਕਟਰ ਬਣਾਇਆ ਗਿਆ ਹੈ | ਇਸ ਤੋਂ ਪਹਿਲਾਂ ਬਲਰਾਜ ਸਿੰਘ ਬੋਤੀਆਂ ਵਾਲਾ ਆਪਣੇ ਪਿੰਡ ਦੇ ਵਿਚ ਸਰਪੰਚ ਤੋਂ ਇਲਾਵਾ ਹੋਰ ਵੀ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ | ਇਸ ਸੰਬੰਧੀ ਸਰਪੰਚਾਂ, ਪੰਚਾਂ ਤੇ ਮੁਹਤਬਰ ਸ਼ਖ਼ਸੀਅਤਾਂ ਨੇ ਕਿਹਾ ਕਿ ਲਾਲਜੀਤ ਸਿੰਘ ਖੋਸਾ ਇਕ ਮਿਹਨਤੀ, ਮਿਲਣਸਾਰ ਤੇ ਲੋਕ-ਹਿਤੈਸ਼ੀ ਸੋਚ ਵਾਲੇ ਨੌਜਵਾਨ ਹਨ | ਉਨ੍ਹਾਂ ਨੇ ਹਮੇਸ਼ਾ ਸਮਾਜਿਕ ਅਤੇ ਇਲਾਕਾਈ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਇਆ ਹੈ ਤੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ | ਉਨ੍ਹਾਂ ਦੀ ਸਹਿਕਾਰੀ ਬੈਂਕ ਦੇ ਡਾਇਰੈਕਟਰ ਵਜੋਂ ਨਿਯੁਕਤੀ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਵੱਡੀ ਆਸ ਬੱਝੀ ਹੈ ਕਿ ਬੈਂਕ ਰਾਹੀਂ ਲੋਕ-ਹਿਤੀ ਕੰਮਾਂ ਨੂੰ ਹੋਰ ਮਜ਼ਬੂਤੀ ਮਿਲੇਗੀ | ਖ਼ੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਸਰਪੰਚ ਗੁਰਪ੍ਰੀਤ ਸਿੰਘ ਬਰਾੜ ਮਹੀਆਂਵਾਲਾ, ਸਾਬਕਾ ਸਰਪੰਚ, ਸਰਪੰਚ ਸੁਖਚੈਨ ਸਿੰਘ ਸਰਾਂ ਵਕੀਲਾਂ ਵਾਲਾ, ਸਰਪੰਚ ਬਲਜੀਤ ਸਿੰਘ ਖੋਸਾ ਕੋਠੇ ਅੰਬਰਹਰ, ਸਰਪੰਚ ਬਰਜਿੰਦਰ ਸਿੰਘ ਖ਼ਾਲਸਾ ਖੋਸਾ ਦਲ ਸਿੰਘ ਵਾਲਾ, ਸਰਪੰਚ ਭੁਪਿੰਦਰ ਸਿੰਘ ਭੜਾਣਾ, ਸਰਪੰਚ ਤਜਿੰਦਰ ਸਿੰਘ ਮਰੂੜ, ਮੇਜਰ ਸਿੰਘ ਭੁੱਲਰ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਸੁਖਦੇਵ ਸਿੰਘ ਸੁੱਖ ਜ਼ੀਰਾ ਹਲਕਾ ਇੰਚਾਰਜ ਸਿੱਖਿਆ ਵਿਭਾਗ ਅਤੇ ਸਰਪੰਚ ਨਵਜੀਤ ਸਿੰਘ ਮਰਖਾਈ ਸਮੇਤ ਹੋਰ ਆਗੂ ਸ਼ਾਮਿਲ ਹਨ | ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਲਾਲਜੀਤ ਸਿੰਘ ਖੋਸਾ ਤੇ ਬਲਰਾਜ ਸਿੰਘ ਬੋਤੀਆਂ ਵਾਲਾ ਦਾ ਮੂੰਹ ਮਿੱਠਾ ਵੀ ਕਰਵਾਇਆ |