ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਇਸੇ ਤਹਿਤ ਹੀ ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਹਲਕੇ 'ਚ 50 ਕਰੋੜ ਦੀ ਲਾਗਤ ਨਾਲ ਨਹਿਰੀ ਖਾਲ਼ੇ ਬਣਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੱਕੇ ਖਾਲ਼ੇ ਬਣਨ ਨਾਲ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਮਿਲੇਗਾ | ਉਨ੍ਹਾਂ ਕਿਹਾ ਕਿ ਹਲਕੇ 'ਚ ਪੱਕੇ ਨਹਿਰੀ ਖਾਲ਼ੇ ਬਣਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਤੇ ਇਕੱਲੇ ਜੰਡਵਾਲਾ ਮੀਰਾ ਸਾਂਗਲਾ ਵਿਚ ਹੀ ਲਗਪਗ 1 ਕਰੋੜ ਦੀ ਲਾਗਤ ਨਾਲ ਕੱਚੇ ਨਹਿਰੀ ਖਾਲ਼ੇ ਪੱਕੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਸਾਲ ਦੇ ਅਖੀਰ ਤੱਕ ਹਲਕੇ ਦੇ ਜਿਹੜੇ ਵੀ ਪਿੰਡਾਂ ਦੇ ਕਿਸਾਨਾਂ ਦੇ ਖਾਲ਼ੇ ਰਿਪੇਅਰ ਜਾਂ ਪੱਕੇ ਬਣਨ ਵਾਲੇ ਰਹਿੰਦੇ ਹਨ ਉਹ ਪੱਕੇ ਬਣਾ ਕੇ ਦਿੱਤੇ ਜਾਣ ਤਾਂ ਜੋ ਕਿਸਾਨਾਂ ਨੂੰ ਖੇਤਾਂ ਲਈ ਪੂਰਾ ਪਾਣੀ ਮਿਲ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੇਲਾਂ 'ਤੇ ਵਸੇ ਪਿੰਡਾਂ ਦੇ ਕਿਸਾਨਾਂ ਨੂੰ ਹੁਣ ਟੇਲਾਂ 'ਤੇ ਪੂਰਾ ਪਾਣੀ ਮਿਲ ਰਿਹਾ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗਾਂ ਦੇ ਤਹਿਤ ਹਲਕੇ ਦੇ ਪਿੰਡਾਂ ਦੇ ਸਾਰੇ ਨਹਿਰੇ ਖਾਲ਼ੇ ਬਣਾਏ ਤੇ ਪੱਕੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਹਲਕੇ 'ਚ ਕੋਈ ਵੀ ਖਾਲਾ ਕੱਚਾ ਨਹੀਂ ਰਹਿਣ ਦੇਣਗੇ | ਹਲਕੇ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਦੇ ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਲੋਂ ਕਿਸਾਨਾਂ ਲਈ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਕਰਕੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਧੰਨਵਾਦੀ ਹਨ ਤੇ ਹਲਕੇ ਦੇ ਵਿਧਾਇਕ ਦੇ ਵੀ ਧੰਨਵਾਦੀ ਹਨ, ਜਿਨ੍ਹਾਂ ਦੀਆਂ ਪੰਥਕ ਮਿਹਨਤਾਂ ਸਦਕਾ ਸਾਡੇ ਪਿੰਡ ਜੰਡ ਵਾਲਾ ਮੀਰਾ ਸੰਗਲਾ ਦੇ ਸਾਰੇ ਕੱਚੇ ਖਾਲ਼ੇ ਪੱਕੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੇ ਵਧੀਆ ਮਟੀਰੀਅਲ ਲਗਾ ਕੇ ਕੀਤੇ ਜਾ ਰਹੇ ਹਨ |