ਜ਼ੀਰਾ ਗੇਟ ਨੇੜੇ ਪੁਲਿਸ ਦੀ ਵੱਡੀ ਕਾਰਵਾਈ
ਅਜੀਤ ਡੈਸਕ
02-02-2026
ਫ਼ਿਰੋਜ਼ਪੁਰ, 1 ਫਰਵਰੀ (ਸੁਖਵਿੰਦਰ ਸਿੰਘ)-ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਨੇੜੇ ਪੁਲਿਸ ਵਲੋਂ ਨਸ਼ੀਲੀਆਂ ਦਵਾਈਆਂ ਦੇ ਗੈਰਕਾਨੂੰਨੀ ਧੰਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ | ਗਸ਼ਤ ਦੌਰਾਨ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਨਾਲ ਕਪੂਰ ਪੁੱਤਰ ਰਮਨ ਕਪੂਰ ਵਾਸੀ ਮਹੱਲਾ ਬਾਵਿਆ ਵਾਲਾ ਥਾਣਾ ਸਿਟੀ ਫਿਰੋਜ਼ਪੁਰ ਤੇ ਰਜਿਤ ਪੁੱਤਰ ਓਮ ਪ੍ਰਕਾਸ਼ ਵਾਸੀ ਨਿਊ ਨਾਨਕ ਪੂਰਾ, ਕੰਬੋਜ ਨਗਰ ਫਿਰੋਜ਼ਪੁਰ ਸ਼ਹਿਰ ਵਲੋਂ ਕਰਨਾਲ ਕਪੂਰ ਦੀ ਰਿਹਾਇਸ਼ੀ ਕੋਠੀ 'ਚ ਮੌਜੂਦ ਬੰਦ ਪਈ | ਦੁਕਾਨ ਵਿਚ ਭਾਰੀ ਮਾਤਰਾ 'ਚ ਅਣਅਧਿਕਾਰਤ ਤੌਰ 'ਤੇ ਪ੍ਰਗਾਬੈਲਿਨ, ਟਰਾਮਾਡੋਲ ਗੋਲੀਆਂ ਤੇ ਹੋਰ ਮੈਡੀਕਲ ਦਵਾਈਆਂ ਸਟੋਰ ਕੀਤੀਆਂ ਹੋਈਆਂ ਹਨ | ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਉਕਤ ਥਾਂ 'ਤੇ ਛਾਪੇਮਾਰੀ ਕੀਤੀ ਗਈ, ਜਿਥੋਂ 2,80,630 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੀਆਂ ਗਈਆਂ | ਪੁਲਿਸ ਨੇ ਇਕ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ, ਜਦਕਿ ਦੂਜੇ ਦੋਸ਼ੀ ਦੀ ਭਾਲ ਜਾਰੀ ਹੈ | ਪੁਲਿਸ ਅਨੁਸਾਰ ਮੁੱਖ ਦੋਸ਼ੀ ਕਨਾਲ ਕਪੂਰ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ | ਦੋਸ਼ੀਆਂ ਵਲੋਂ ਰਿਹਾਇਸ਼ੀ ਏਰੀਏ 'ਚ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਰੱਖਣਾ ਡੀ. ਸੀ. ਸਾਹਿਬ ਵਲੋਂ ਜਾਰੀ ਹੁਕਮਾਂ ਦੀ ਸਿੱਧੀ ਉਲੰਘਣਾ ਹੈ | ਜਿਸ ਨਾਲ ਭੋਲੇ-ਭਾਲੇ ਲੋਕਾਂ ਦਾ ਭਵਿੱਖ ਤੇ ਮਨੁੱਖੀ ਜੀਵਨ ਖ਼ਤਰੇ ਵਿਚ ਪੈਂਦਾ ਹੈ | ਸਿਟੀ ਥਾਣਾ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |