ਮੁੱਦਕੀ, 1 ਫਰਵਰੀ (ਭੁਪਿੰਦਰ ਸਿੰਘ)-2027 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਪਿੰਡਾਂ ਤੇ ਸ਼ਹਿਰਾਂ 'ਚ ਆਪਣੇ ਸ਼ਾਸਨ ਕਾਲ ਵਿਚ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ 'ਤੇ ਪੰਜਾਬ ਦੇ ਵੋਟਰਾਂ ਤੋਂ ਵੋਟ ਦੀ ਮੰਗ ਕੀਤੀ ਜਾਵੇਗੀ | ਇਹ ਪ੍ਰਗਟਾਵਾ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਸਰਬਜੀਤ ਕੌਰ ਮੁੱਦਕੀ ਵਲੋਂ ਇੱਥੇ ਕੀਤਾ ਗਿਆ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੱਲ ਕਸਬਾ ਮੁੱਦਕੀ ਦੀ ਕੀਤੀ ਜਾਵੇ ਤਾਂ ਕਸਬਾ ਮੁੱਦਕੀ 'ਚ ਅਥਾਹ ਵਿਕਾਸ ਕਾਰਜ ਕਰਵਾਏ ਗਏ | ਦਲਿਤਾਂ ਦੀ ਸ਼ਮਸ਼ਾਨਘਾਟ ਦੀ ਚਾਰ ਦੀਵਾਰੀ ਵਾਸਤੇ 25 ਲੱਖ ਦੀ ਗਰਾਂਟ ਜਾਰੀ ਕਰਵਾਈ, ਪਾਰਕ ਦਾ ਨਵੀਨੀਕਰਨ ਕਰਵਾਇਆ, ਇੰਟਰਲਾਕ ਟਾਈਲਾਂ ਲਵਾਉਣ ਤੋਂ ਇਲਾਵਾ ਕਈ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਗਏ | ਪਰ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਕੰਨੀ ਕਤਰਾਉਂਦੀ ਨਜ਼ਰ ਆ ਰਹੀ ਹੈ | ਮਹਿਲਾ ਪ੍ਰਧਾਨ ਸਰਬਜੀਤ ਕੌਰ ਮੁੱਦਕੀ ਨੇ ਅੱਗੇ ਕਿਹਾ ਕਿ ਲੋਕ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਦੇਖਣ ਦੇ ਇੱਛੁਕ ਹਨ | ਇਸ ਲਈ ਕਾਂਗਰਸ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਵਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬੂਰ ਜ਼ਰੂਰ ਪਵੇਗਾ |