ਜ਼ੀਰਾ, 4 ਫਰਵਰੀ(ਰਜਨੀਸ਼ ਕਥੂਰੀਆ) -ਸਥਾਨਕ ਸ਼ਹਿਰ ਦੇ ਕੁਝ ਦਫ਼ਤਰਾਂ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਮੁੱਦੇ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਹਲਵਾਈ ਰਾਜੀਵ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਐਸ.ਐਸ.ਪੀ.ਵਿਜੀਲੈਂਸ ਫਿਰੋਜ਼ਪੁਰ ਮਨਜੀਤ ਸਿੰਘ ਨੂੰ ਮਿਲੇ | ਇਸ ਦੌਰਾਨ ਰਾਜੀਵ ਕੁਮਾਰ ਜੈਨ ਨੇ ਐਸ. ਐਸ. ਪੀ. ਵਿਜੀਲੈਂਸ ਫਿਰੋਜ਼ਪੁਰ ਮਨਜੀਤ ਸਿੰਘ ਨੂੰ ਦੱਸਿਆ ਕਿ ਸਥਾਨਕ ਸ਼ਹਿਰ ਦੇ ਕੁਝ ਸਰਕਾਰੀ ਦਫ਼ਤਰਾਂ ਵਿਚ ਬੈਠੇ ਕਲਰਕਾਂ ਵਲੋਂ ਕਥਿਤ ਤੌਰ 'ਤੇ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਕੋਈ ਸ਼ਹਿਰ ਵਾਸੀ ਆਪਣੇ ਕਿਸੇ ਕੰਮ ਕਾਰ ਲਈ ਦਫਤਰ ਵਿਚ ਜਾਂਦਾ ਹੈ ਤਾਂ ਉਸ ਦਾ ਕੰਮ ਕਰਨ ਦੀ ਬਜਾਏ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ | ਜਿਸ ਕਰਕੇ ਲੋਕਾਂ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ | ਐਸ. ਐਸ. ਪੀ. ਵਿਜੀਲੈਂਸ ਫਿਰੋਜ਼ਪੁਰ ਨੇ ਰਾਜੀਵ ਕੁਮਾਰ ਜੈਨ ਦੀ ਗੱਲਬਾਤ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਇਸ ਸੰਬੰਧ ਵਿਚ ਪੁਖ਼ਤਾ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਜੋ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ |