ਫ਼ਿਰੋਜ਼ਪੁਰ, 4 ਫਰਵਰੀ (ਗੁਰਿੰਦਰ ਸਿੰਘ)-ਨਸ਼ੀਲੀਆਂ 'ਤੇ ਪਾਬੰਦੀ ਸ਼ੁਦਾ ਦਵਾਈਆਂ ਦੀ ਗੈਰ ਕਾਨੂੰਨੀ ਵਿੱਕਰੀ ਅਤੇ ਭੰਡਾਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸਦਿਆਂ ਡਰੱਗ ਕੰਟਰੋਲਰ ਸੁਸਾਇਟੀ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਡਰੱਗ ਕੰਟਰੋਲ ਅਫ਼ਸਰ ਫ਼ਿਰੋਜ਼ਪੁਰ ਸੋਨੀਆ ਗੁਪਤਾ ਵਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ ਫ਼ਿਰੋਜ਼ਪੁਰ ਅੰਦਰ ਦਵਾਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਇਸ ਦੌਰਾਨ ਨਿਯੰਤਰਿਤ ਅਤੇ ਨਸ਼ੀਲੀਆਂ ਦਵਾਈਆਂ ਦੀ ਗ਼ੈਰ-ਕਾਨੰੂਨੀ ਵਿੱਕਰੀ ਨੂੰ ਲੈ ਕੇ ਵੱਡੀ ਕਾਰਵਾਈ ਸਾਹਮਣੇ ਆਈ ਹੈ | ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਨਰੇਸ਼ ਮੈਡੀਸਨ 'ਤੇ ਇਕ ਫ਼ਰਜ਼ੀ ਗ੍ਰਾਹਕ ਭੇਜਿਆ ਗਿਆ | ਜਿੱਥੇ ਦੁਕਾਨਦਾਰ ਵਲੋਂ ਬਿਨਾਂ ਡਾਕਟਰੀ ਪਰਚੀ ਦੇ ਗ਼ੈਰ-ਕਾਨੰੂਨੀ ਤੌਰ 'ਤੇ ਐਮ.ਟੀ.ਪੀ ਕਿੱਟ ਵੇਚੀ ਗਈ | ਅੱਗੇ ਕੀਤੀ ਗਈ ਜਾਂਚ ਵਿਚ ਦੁਕਾਨਦਾਰ ਵਲੋਂ ਖ਼ਰੀਦ ਸੰਬੰਧੀ ਕੋਈ ਵੀ ਬਿਲ ਪੇਸ਼ ਨਾ ਕਰਨ ਕਾਰਨ ਲਗਭਗ 7 ਹਜ਼ਾਰ ਰੁਪਏ ਕੀਮਤ ਦੀਆਂ 10 ਐਮ.ਟੀ.ਪੀ. ਕਿੱਟਾਂ ਜ਼ਬਤ ਕੀਤੀਆਂ ਗਈਆਂ | ਇਸ ਤੋਂ ਇਲਾਵਾ ਬਾਬਾ ਦੀਪ ਮੈਡੀਕਲ ਹਾਲ ਅਹਿਮਦ ਢੰਡੀ ਦੀ ਵੀ ਜਾਂਚ ਕੀਤੀ ਗਈ | ਜਿੱਥੋਂ ਪ੍ਰੇਗਾਬਾਲਿਨ ਅਤੇ ਟੈਪੈਂਟਾਡੋਲ ਦੀਆਂ 7 ਕਿਸਮਾਂ ਦੀਆਂ ਦਵਾਈਆਂ ਬਿਨਾਂ ਕਿਸੇ ਖ਼ਰੀਦ ਰਿਕਾਰਡ ਦੇ ਮਿਲੀਆਂ | ਜ਼ਬਤ ਕੀਤੀਆਂ ਗਈਆਂ ਦਵਾਈਆਂ ਵਿਚ 198 ਕੈਪਸੂਲ ਅਤੇ 1586 ਗੋਲੀਆਂ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 30,594 ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਐੱਸ.ਐੱਸ ਮੈਡੀਕਲ ਹਾਲ ਰਾਉ ਕੇ ਹਿਠਾੜ ਦੀ ਜਾਂਚ ਦੌਰਾਨ ਪ੍ਰੇਗਾਬਾਲਿਨ 300 ਐੱਮ.ਜੀ ਦੇ 1800 ਕੈਪਸੂਲ ਬਿਨਾਂ ਖ਼ਰੀਦ ਬਿੱਲਾਂ ਦੇ ਮਿਲਣ 'ਤੇ ਜ਼ਬਤ ਕੀਤੇ ਗਏ | ਜਿਨ੍ਹਾਂ ਦੀ ਕੀਮਤ ਲਗਭਗ 53,100 ਰੁਪਏ ਆਂਕੀ ਗਈ ਹੈ | ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਨਸ਼ੀਲੀਆਂ ਅਤੇ ਨਿਯੰਤਰਿਤ ਦਵਾਈਆਂ ਦੀ ਗ਼ੈਰ-ਕਾਨੰੂਨੀ ਵਿੱਕਰੀ ਖ਼ਿਲਾਫ਼ ਵਿਭਾਗ ਵਲੋਂ ਅਜਿਹੀਆਂ ਕਾਰਵਾਈਆਂ ਅੱਗੇ ਵੀ ਸਖ਼ਤੀ ਨਾਲ ਜਾਰੀ ਰਹਿਣਗੀਆਂ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ |