ਫ਼ਿਰੋਜ਼ਪੁਰ, 21 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਤਿੰਨ ਅਜਿਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜੋ ਸ਼ਹਿਰ 'ਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ, 23 ਮੋਬਾਈਲ ਫ਼ੋਨ ਤੇ 7 ਟੂਟੀਆਂ ਬਰਾਮਦ ਕੀਤੀਆਂ ਹਨ | ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਕੈਂਟ ਦੇ ਇੰਚਾਰਜ ਸੁਖਚੈਨ ਮਹਿਤਾ ਦੀ ਅਗਵਾਈ 'ਚ ਪੁਲਿਸ ਪਾਰਟੀ ਗਸ਼ਤ ਦੌਰਾਨ ਯਤੀਮਖ਼ਾਨਾ ਚੌਕ 'ਚ ਮੌਜੂਦ ਸੀ, ਜਿਥੇ ਇਕ ਮੁਖ਼ਬਰ ਨੇ ਖ਼ਾਸ ਇਤਲਾਹ ਦਿੱਤੀ | ਸੂਚਨਾ ਮਿਲੀ ਸੀ ਕਿ ਤਿੰਨ ਮੁਲਜ਼ਮ ਭੋਲਾ ਉਰਫ਼ ਅਮਨ, ਰਿਸ਼ੀ ਉਰਫ਼ ਰੌਸ਼ਨ ਤੇ ਵਿਸ਼ਾਲ ਉਰਫ਼ ਬਾਬੂ ਜੋ ਕਿ ਆਦਤਨ ਚੋਰ ਹਨ, ਸ਼ਮਸ਼ਾਨਘਾਟ ਰੋਡ ਨੇੜੇ ਝਾੜੀਆਂ ਕੋਲ ਚੋਰੀ ਦਾ ਸਾਮਾਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਅਤੇ ਤਿੰਨਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ | ਪੁਲਿਸ ਨੇ ਦੱਸਿਆ ਕਿ ਇਹ ਮੁਲਜ਼ਮ ਮੇਲੇ, ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਥਾਵਾਂ, ਲੋਕਾਂ ਦੀਆਂ ਜੇਬਾਂ ਵਿਚੋਂ ਫ਼ੋਨ ਅਤੇ ਪਰਸ ਕੱਢਣਾ, ਰਾਹਗੀਰਾਂ ਕੋਲੋਂ ਝਪਟਮਾਰੀ ਕਰਨਾ ਅਤੇ ਘਰਾਂ 'ਚ ਚੋਰੀਆਂ ਕਰਦੇ ਹਨ | ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ | ਫੜੇ ਗਏ ਮੁਲਜ਼ਮਾਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |