ਫਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਵਾਤਾਵਰਨ ਦਾ ਸੰਦੇਸ਼ ਦੇਣ ਅਤੇ ਹਰਬਲ ਗਾਰਡਨ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਹਰਬਲ ਗਾਰਡਨ ਸਥਾਪਿਤ ਕੀਤਾ ਗਿਆ ਹੈ | ਜਿਸ 'ਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤੁਲਸੀ, ਲੈਮਨਗ੍ਰਾਸ, ਮੋਰਿੰਗਾ, ਅਰਜੁਨ, ਨਿੰਬੂ, ਮਹਿੰਦੀ, ਹਲਦੀ, ਅਦਰਕ, ਆਂਵਲਾ, ਐਲੋਵੇਰਾ ਤੇ ਹੋਰ ਬੂਟੇ ਆਪਣੇ ਹੱਥਾਂ ਨਾਲ ਲਗਾਏ | ਪਿ੍ੰਸੀਪਲ ਯਚਨਾ ਚਾਵਲਾ ਨੇ ਦੱਸਿਆ ਕਿ ਮਿਸ਼ਨ ਲਾਈਫ਼ ਥੀਮ ਦੇ ਤਹਿਤ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਦੇਣ ਦੇ ਇਰਾਦੇ ਨਾਲ ਭਾਰਤ ਸਰਕਾਰ ਦੇ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸਕੂਲਾਂ ਵਿਚ ਅਜਿਹੇ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਦੇ ਖੇਡ ਮੈਦਾਨ 'ਚ ਹਰਬਲ ਗਾਰਡਨ ਬਣਾਇਆ ਅਤੇ ਇਸ 'ਚ ਬੂਟੇ ਲਗਾਏ ਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸਾਡੀ ਜ਼ਿੰਦਗੀ 'ਚ ਪੌਦਿਆਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ, ਸੀਨੀਅਰ ਜਨਰਲ ਮੈਨੇਜਰ ਰਿਟਾਇਰਡ ਕਰਨਲ ਪਿਯੂਸ਼ ਬੇਰੀ, ਹੈੱਡ ਮਿਸਟ੍ਰੈੱਸ ਰਿਤਿਕਾ ਸੋਨੀ, ਡੀ. ਜੀ. ਐੱਮ. ਐਡਮਿਨ ਅਨੂ ਸ਼ਰਮਾ, ਏ. ਜੀ. ਐੱਮ. ਈਵੈਂਟ ਹੀਨਾ ਅਰੋੜਾ, ਈਕੋ ਕਲੱਬ ਦੀ ਇੰਚਾਰਜ ਸ਼ੈਲੀ ਦੂਆ ਤੇ ਹੋਰ ਹਾਜ਼ਰ ਸਨ |