ਜ਼ੀਰਾ, 22 ਫਰਵਰੀ (ਰਜਨੀਸ਼ ਕਥੂਰੀਆ)-ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਵਲੋਂ ਪੀ. ਐੱਚ. ਡੀ. ਭਵਨ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ | ਸਮਾਰੋਹ 'ਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਚਾਂਸਲਰਾਂ ਤੇ ਕਾਲਜਾਂ ਦੇ ਚੇਅਰਮੈਨਾਂ ਨੇ ਸ਼ਿਰਕਤ ਕੀਤੀ | ਹਾਜ਼ਰ ਸ਼ਖ਼ਸੀਅਤਾਂ ਵਿਚ ਦਵਿੰਦਰ ਪਾਲ ਸਿੰਘ ਰਿੰਪੀ, ਮਨਜੀਤ ਸਿੰਘ ਦੋਆਬਾ, ਡਾ. ਗੁਰਮੀਤ ਸਿੰਘ ਧਾਲੀਵਾਲ, ਅਸ਼ਵਨੀ ਗਰਗ, ਅਸ਼ੋਕ ਗਰਗ ਅਤੇ ਗੁਰਪ੍ਰੀਤ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਸ਼ਾਮਿਲ ਸਨ | ਇਸ ਮੌਕੇ ਇਲਾਕੇ ਦੀ ਪ੍ਰਸਿੱਧ ਸ਼ਖ਼ਸੀਅਤ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਸਮਾਜਿਕ ਮੁਹਿੰਮਾਂ 'ਚ ਅੱਗੇ ਆਉਣਾ ਸਮੇਂ ਦੀ ਲੋੜ ਹੈ ਤੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਲਈ ਪ੍ਰੇਰਿਤ ਕਰਨਾ ਸਭ ਦੀ ਜ਼ਿੰਮੇਵਾਰੀ ਹੈ | ਸਮਾਰੋਹ 'ਚ ਉੱਘੇ ਫ਼ਿਲਮੀ ਸਿਤਾਰੇ ਐਮੀ ਵਿਰਕ ਤੇ ਬਿੰਨੂ ਢਿੱਲੋਂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ 'ਚ ਸਰਗਰਮ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ | ਸਮਾਰੋਹ ਦੌਰਾਨ ਸੰਤ ਕਬੀਰ ਕਾਲਜ ਜ਼ੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਤੇ ਪਿ੍ੰਸੀਪਲ ਡਾ. ਵੀਰਪਾਲ ਨੂੰ ਰਾਜਪਾਲ ਰੈਲੀ 'ਚ ਵਧੀਆ ਕਾਰਗੁਜ਼ਾਰੀ ਲਈ ਸਤਨਾਮ ਸਿੰਘ ਸੰਧੂ ਵਲੋਂ ਸਨਮਾਨਿਤ ਕੀਤਾ | ਸੰਤ ਕਬੀਰ ਕਾਲਜ ਜ਼ੀਰਾ ਦੀ ਇਸ ਉਪਲਬਧੀ ਨਾਲ ਸੰਤ ਕਬੀਰ ਕਾਲਜ ਜ਼ੀਰਾ ਦੀ ਸਮੂਹ ਟੀਮ ਤੇ ਵਿਦਿਆਰਥੀਆਂ 'ਚ ਖ਼ੁਸ਼ੀ ਦੀ ਲਹਿਰ ਹੈ | ਕਾਲਜ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਵੀ ਸੰਸਥਾ ਇਸੇ ਤਰ੍ਹਾਂ ਸਮਾਜਿਕ ਤੇ ਵਿੱਦਿਅਕ ਖੇਤਰ 'ਚ ਅੱਗੇ ਰਹਿੰਦੀ ਹੋਈ ਨੌਜਵਾਨਾਂ ਨੂੰ ਉੱਚ ਮਿਆਰੀ ਸਿੱਖਿਆ ਤੇ ਸਮਾਜਿਕ ਜਾਗਰੂਕਤਾ ਲਈ ਪ੍ਰੇਰਿਤ ਕਰਦੀ ਰਹੇਗੀ |