27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਇਆ ਸਾਹਿਤਕ ਸਮਾਗਮ

Ad Position 21
No active advertisement
ਅਜੀਤ ਡੈਸਕ 23-02-2026
ਫ਼ਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਡੀ. ਏ. ਵੀ. ਕਾਲਜ ਫ਼ਾਰ ਵਿਮੈਨ ਫ਼ਿਰੋਜ਼ਪੁਰ ਛਾਉਣੀ 'ਚ ਉਤਸ਼ਾਹ ਨਾਲ ਮਨਾਇਆ | ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦੇ ਉੱਘੇ ਚਿੰਤਕ ਤੇ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਨਹੀਂ | ਸਗੋਂ ਮਨੁੱਖੀ ਅਹਿਸਾਸਾਂ, ਸੰਸਕਾਰਾਂ ਅਤੇ ਸਭਿਆਚਾਰ ਦੀ ਅਸਲੀ ਪਹਿਚਾਣ ਹੈ | ਉਨ੍ਹਾਂ ਨੇ ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਮੇਰਾ ਦਾਿਗ਼ਸਤਾਨ' ਦਾ ਹਵਾਲਾ ਦਿੰਦਿਆਂ ਮਾਤ ਭਾਸ਼ਾ ਨਾਲ ਜੁੜੇ ਜਜ਼ਬਾਤਾਂ ਤੇ ਮਨੁੱਖੀ ਜੀਵਨ ਵਿਚ ਇਸ ਦੀ ਅਹਿਮੀਅਤ 'ਤੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਆਪਣੀ ਮਾਂ-ਬੋਲੀ ਨਾਲ ਜੁੜਾਅ ਮਨੁੱਖ ਨੂੰ ਆਪਣੀ ਜੜ੍ਹਾਂ ਅਤੇ ਪਛਾਣ ਨਾਲ ਜੋੜਦਾ ਹੈ | ਖੋਜਾਰਥੀ ਸੁਰਿੰਦਰ ਕੰਬੋਜ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਪਿਛੋਕੜ, ਇਸਦੇ ਆਰਥਿਕ ਤੇ ਸਮਾਜਿਕ ਸਰੋਕਾਰਾਂ ਅਤੇ ਆਧੁਨਿਕ ਯੁੱਗ ਵਿਚ ਇਸ ਦੀ ਉਪਯੋਗਤਾ 'ਤੇ ਚਰਚਾ ਕੀਤੀ | ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਮੀਡੀਆ, ਅਨੁਵਾਦ, ਅਧਿਆਪਨ, ਰਚਨਾਤਮਿਕ ਲਿਖਤ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਰੁਜ਼ਗਾਰ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ | ਉੱਘੇ ਨਿਬੰਧਕਾਰ ਨਰਿੰਦਰ ਸਿੰਘ ਨੇ ਭਾਸ਼ਾਵਾਂ ਦੇ ਸਤਿਕਾਰ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਸ਼ਾ ਕਿਸੇ ਇਕ ਵਿਅਕਤੀ ਦੀ ਨਹੀਂ ਹੁੰਦੀ ਸਗੋਂ ਇਹ ਸਾਂਝੀ ਵਿਰਾਸਤ ਹੈ, ਜਿਸ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਸਮਾਗਮ ਦੀ ਪ੍ਰਧਾਨਗੀ ਕਰਦੇ ਉੱਘੇ ਸ਼ਾਇਰ ਤੇ ਅਨੁਵਾਦਕ ਪ੍ਰੋ. ਜਸਪਾਲ ਘਈ ਨੇ ਭਾਸ਼ਾ ਤੇ ਬੋਲੀ ਦੇ ਸੰਬੰਧਾਂ ਨੂੰ ਭਾਸ਼ਾ ਵਿਗਿਆਨੀ ਸੋਸਿਉਰ ਦੇ 'ਲਾਂਗ' ਤੇ 'ਪੈਰੋਲ' ਦੇ ਸੰਕਲਪਾਂ ਰਾਹੀਂ ਸੌਖੇ ਢੰਗ ਨਾਲ ਸਮਝਾਇਆ | ਉਨ੍ਹਾਂ ਨੇ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਬੰਗਲਾਦੇਸ਼ ਦੇ ਭਾਸ਼ਾ ਸ਼ਹੀਦਾਂ ਨੂੰ ਯਾਦ ਕੀਤਾ | ਉਨ੍ਹਾਂ ਨੇ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਮਾਤ ਭਾਸ਼ਾਵਾਂ ਦੀ ਵਿਭਿੰਨਤਾ ਤੇ ਵਿਲੱਖਣਤਾ ਹੀ ਕਿਸੇ ਕੌਮ ਦੀ ਪਛਾਣ ਨੂੰ ਮਜ਼ਬੂਤ ਬਣਾਉਂਦੀ ਹੈ | ਕਾਲਜ ਦੀ ਪਿ੍ੰਸੀਪਲ ਡਾ. ਸੀਮਾ ਅਰੋੜਾ ਨੇ ਇਸ ਉਪਰਾਲੇ ਨੂੰ ਸਮਕਾਲੀ ਦੌਰ ਵਿਚ ਬਹੁਤ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਨਾਲ ਜੋੜਨ ਲਈ ਅਜਿਹੇ ਸਮਾਗਮ ਲਾਭਦਾਇਕ ਸਾਬਤ ਹੁੰਦੇ ਹਨ | ਇਸ ਮੌਕੇ ਗਾਇਕ ਤਰਸੇਮ ਅਰਮਾਨ ਅਤੇ ਕਮਲ ਦ੍ਰਾਵਿੜ ਨੇ ਸੂਫ਼ੀ ਅਤੇ ਸਾਹਿੱਤਿਕ ਗਾਇਕੀ ਰਾਹੀਂ ਸਮਾਗਮ ਨੂੰ ਰੰਗੀਨ ਬਣਾਇਆ | ਮੰਚ ਸੰਚਾਲਨ ਡਾ. ਅੰਮਿ੍ਤਪਾਲ ਕੌਰ ਨੇ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ | ਅੰਤ 'ਚ ਮਹਿਮਾਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਡੀ. ਸੀ. ਮਾਡਲ ਸਕੂਲ 'ਚ ਸਥਾਪਿਤ ਹੋਇਆ ਹਰਬਲ ਗਾਰਡਨ
Ad Position 24