ਫਿਰੋਜ਼ਪੁਰ, 22 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੀਆਂ ਸੜਕਾਂ ਹੁਣ ਸਿਰਫ਼ ਆਵਾਜਾਈ ਦਾ ਰਸਤਾ ਨਹੀਂ ਰਹੀਆਂ, ਸਗੋਂ ਨਾਜਾਇਜ਼ ਕਬਜ਼ਿਆਂ ਦਾ ਮੈਦਾਨ ਬਣਦੀਆਂ ਜਾ ਰਹੀਆਂ ਹਨ | ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਕਰੀਬ 10 ਫੁੱਟ ਤੱਕ ਸਰਕਾਰੀ ਜਗ੍ਹਾ 'ਤੇ ਸਾਮਾਨ ਸਜਾ ਕੇ ਫੁੱਟਪਾਥਾਂ ਤੇ ਸੜਕਾਂ ਨੂੰ ਭੀੜਾ ਕਰ ਦਿੱਤਾ ਗਿਆ ਹੈ | ਨਤੀਜੇ ਵਜੋਂ ਹਰ ਰੋਜ਼ ਟ੍ਰੈਫ਼ਿਕ ਜਾਮ ਦੀ ਸਥਿਤੀ ਬਣਦੀ ਹੈ ਤੇ ਆਮ ਲੋਕ ਡਾਢੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹੁਣ ਛੋਟੀਆਂ ਗਲੀਆਂ ਤੱਕ ਸਿਮਤ ਨਹੀਂ ਰਹੀ | ਸ਼ਹਿਰ ਦੇ ਕੇਂਦਰੀ ਤੇ ਰੁਸ਼ਨਾਕ ਇਲਾਕੇ ਊਧਮ ਸਿੰਘ ਚੌਕ ਦੇ ਆਲੇ-ਦੁਆਲੇ ਵੀ ਬਿਨਾਂ ਕਿਸੇ ਡਰ-ਭੌ ਦੇ ਕਬਜ਼ੇ ਕੀਤੇ ਹੋਏ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਨੇੜੇ ਹੋ ਰਿਹਾ ਹੈ, ਪਰ ਸੰਬੰਧਿਤ ਅਧਿਕਾਰੀਆਂ ਵਲੋਂ ਕੋਈ ਢੁਕਵੀਂ ਕਾਰਵਾਈ ਨਜ਼ਰ ਨਹੀਂ ਆ ਰਹੀ | ਰੋਜ਼ਾਨਾ ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲੀ ਬੱਚੇ, ਮਹਿਲਾਵਾਂ ਤੇ ਬਜ਼ੁਰਗ ਟ੍ਰੈਫ਼ਿਕ ਵਿਚ ਫਸ ਕੇ ਸਮਾਂ ਅਤੇ ਸਬਰ ਦੋਵੇਂ ਗੁਆ ਰਹੇ ਹਨ | ਕਈ ਵਾਰ ਵਾਹਨ ਚਾਲਕਾਂ ਵਿਚਕਾਰ ਤਕਰਾਰ ਦੀ ਸਥਿਤੀ ਵੀ ਬਣ ਜਾਂਦੀ ਹੈ | ਲੋਕਾਂ ਨੂੰ ਡਰ ਹੈ ਕਿ ਜੇ ਹਾਲਾਤ ਇਉਂ ਹੀ ਰਹੇ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ | ਐਮਰਜੈਂਸੀ ਸੇਵਾਵਾਂ, ਜਿਵੇਂ ਐਂਬੂਲੈਂਸ ਜਾਂ ਫਾਇਰ ਬਿ੍ਗੇਡ ਨੂੰ ਵੀ ਇਨ੍ਹਾਂ ਜਾਮ ਕਾਰਨ ਮੁਸ਼ਕਿਲਾਂ ਆ ਸਕਦੀਆਂ ਹਨ, ਜੋ ਜਨ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸਥਾਨਕ ਵਸਨੀਕਾਂ ਦਾ ਦਾਅਵਾ ਹੈ ਕਿ ਜੇ ਚੌਕ ਵਰਗੇ ਕੇਂਦਰੀ ਸਥਾਨ 'ਤੇ ਹੀ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਤਾਂ ਹੋਰ ਇਲਾਕਿਆਂ ਜਿਵੇਂ ਕਿ ਮੱਲਾ ਵਾਲਾ ਰੋਡ, ਬਾਂਸੀ ਗੇਟ, ਬਗਦਾਦੀ ਗੇਟ ਮਖੂ ਗੇਟ ਮੁਲਤਾਨੀ ਗੇਟ ਆਦਿ ਦੀ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਸੜਕਾਂ ਨੂੰ ਕਬਜ਼ਾ-ਮੁਕਤ ਕਰਕੇ ਆਵਾਜਾਈ ਸੁਚਾਰੂ ਬਣਾਈ ਜਾਵੇ | ਹੁਣ ਸ਼ਹਿਰ ਵਾਸੀਆਂ ਦੀ ਨਜ਼ਰ ਪ੍ਰਸ਼ਾਸਨ 'ਤੇ ਟਿਕੀ ਹੋਈ ਹੈ ਕਿ ਕਾਰਵਾਈ ਹੋਵੇਗੀ ਜਾਂ ਫਿਰ ਸੜਕਾਂ ਇਉਂ ਹੀ ਘੇਰੇ ਹੇਠ ਰਹਿਣਗੀਆਂ..?