ਫ਼ਾਜ਼ਿਲਕਾ, 3 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਲਗਾਤਾਰ ਭਾਰੀ ਝੱਖੜ ਤੇ ਮੀਂਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਦੋ ਦਿਨ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਅੰਦਰ ਤੇਜ਼ ਝੱਖੜ, ਵਰਖਾ ਅਤੇ ਗੜੇ੍ਹਮਾਰੀ ਨੇ ਖੇਤਾਂ ਅੰਦਰ ਕਣਕਾਂ ਦਾ ਹੋਰ ਭਾਰੀ ਨੁਕਸਾਨ ਕੀਤਾ ਹੈ | ਕਈ ਪਿੰਡਾਂ ਅੰਦਰ ਜੋ ਕਣਕਾਂ ਧਰਤੀ 'ਤੇ ਵਿਛ ਗਈਆਂ ਸਨ ਉਨ੍ਹਾਂ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ | ਜਿਸ ਨਾਲ ਕਣਕ ਦੀ ਫ਼ਸਲ ਦਾ ਹੋਰ ਭਾਰੀ ਨੁਕਸਾਨ ਹੋਵੇਗਾ | ਪਿੰਡਾਂ ਅੰਦਰ ਕਿਸਾਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਚੜ੍ਹੇ ਕਾਲੇ ਬੱਦਲਾਂ ਨਾਲ ਤੇਜ਼ ਤੂਫ਼ਾਨ ਆਇਆ | ਜਿਸ ਨੇ ਕਿਸਾਨਾਂ ਦੇ ਸਾਹ ਹੋਰ ਸੁਕਾ ਦਿੱਤੇ | ਕਿਸਾਨ ਤਾਂ ਹਾਲੇ ਪਹਿਲਾਂ ਦੇ ਹੋਏ ਨੁਕਸਾਨ ਪ੍ਰਤੀ ਮਾਯੂਸੀ ਵਿਚ ਸੀ | ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਕਣਕ ਦੀ ਫ਼ਸਲ ਲਈ ਮੌਸਮ ਬਿਲਕੁਲ ਖ਼ੁਸ਼ਕ ਚਾਹੀਦਾ ਹੈ | ਕਿਉਂਕਿ ਇਹ ਮਹੀਨਾ ਕਣਕ ਦੀ ਪਕਾਈ ਵਾਲਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਅੰਦਰ ਕਣਕਾਂ ਦੀ ਫ਼ਸਲ ਲੰਮੀ ਪੈ ਗਈ ਹੈ ਉਨ੍ਹਾਂ ਖੇਤਾਂ ਵਿਚ ਮੀਂਹ ਦਾ ਪਾਣੀ ਕਣਕਾਂ ਦੇ ਉੱਪਰ ਚੜ੍ਹ ਗਿਆ ਹੈ | ਜਿਸ ਕਾਰਨ ਕਣਕ ਦੇ ਸਿੱਟਿਆਂ ਵਿਚ ਰਹਿੰਦੇ ਖਹਿੰਦੇ ਦਾਣੇ ਵੀ ਕਾਲੇ ਹੋ ਜਾਣਗੇ | ਉਨ੍ਹਾਂ ਨੇ ਦੱਸਿਆ ਕਿ ਜੋ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ ਉਸ ਦੀ ਕਟਾਈ ਵੀ ਹੁਣ ਔਖੀ ਹੋਵੇਗੀ | ਕਣਕ ਦਾ ਦਾਣਾ ਵੀ ਬਰੀਕ ਹੋਵੇਗਾ, ਕੰਬਾਈਨਾਂ ਨਾਲ ਕੱਟਣ ਸਮੇਂ ਸਿੱਟਿਆਂ ਵਿਚੋਂ ਦਾਣੇ ਧਰਤੀ 'ਤੇ ਖਿੱਲਰ ਜਾਣਗੇ | ਉਨ੍ਹਾਂ ਦੱਸਿਆ ਕਿ ਕਣਕ ਦੀ ਵਢਾਈ 'ਤੇ ਵੀ ਜ਼ਿਆਦਾ ਕੀਮਤ ਖ਼ਰਚ ਹੋਵੇਗੀ | ਕਾਲੇ ਅਤੇ ਬਰੀਕ ਦਾਣੇ ਦਾ ਕੋਈ ਖ਼ਰੀਦਦਾਰ ਵੀ ਨਹੀਂ ਹੋਵੇਗਾ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਣਾ ਸੁਭਾਵਿਕ ਹੈ | ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਅੰਦਰ ਪਹਿਲਾਂ ਕਿਸਾਨ ਜੋਬਨ 'ਤੇ ਖੜ੍ਹੀ ਕਣਕ ਨੂੰ ਦੇਖ ਦਿਲ ਵਿਚ ਖ਼ੁਸ਼ੀਆਂ ਮਨਾਉਂਦਾ ਹੁੰਦਾ ਹੈ ਜਿੱਥੇ ਉਹ ਇਸ ਵਾਰ ਲੰਬੀਆਂ ਪਈਆਂ ਕਣਕਾਂ ਦੇਖ ਉਸ ਕੋਲੋਂ ਕੋਈ ਦਿਲ ਦਾ ਹਾਲ ਨਹੀਂ ਪੁੱਛ ਸਕਦਾ | ਪਿੰਡਾਂ ਵਿਚ ਕਿਸਾਨ ਹੁਣ ਕੁਦਰਤ ਦਾ ਭਾਣਾ ਮੰਨ ਪ੍ਰਮਾਤਮਾ ਅੱਗੇ ਹੀ ਅਰਦਾਸਾਂ ਕਰ ਰਿਹਾ ਹੈ |