ਜਲਾਲਾਬਾਦ, 3 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਜਲਾਲਾਬਾਦ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਸ਼ਰਧਾ ਅਤੇ ਆਤਮਿਕ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਇਸ ਅਵਸਰ 'ਤੇ ਦੂਰ-ਦੂਰ ਤੋਂ ਸੰਗਤ ਨੇ ਹਾਜ਼ਰੀ ਭਰੀ ਅਤੇ ਬਾਣੀ ਦਾ ਲਾਭ ਪ੍ਰਾਪਤ ਕੀਤਾ | ਸਤਿਸੰਗ ਦੌਰਾਨ ਸਾਧਵੀ ਪ੍ਰੀਤੀ ਭਾਰਤੀ ਨੇ ਆਪਣੇ ਪੇ੍ਰਰਨਾਦਾਇਕ ਅਤੇ ਅੰਮਿ੍ਤਮਈ ਵਿਚਾਰਾਂ ਰਾਹੀਂ ਸੰਗਤ ਨੂੰ ਆਤਮਿਕ ਜੀਵਨ ਦੀ ਅਸਲੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਵਿਸ਼ਵ ਅਸ਼ਾਂਤੀ, ਅਸਹਿਣਸ਼ੀਲਤਾ, ਤਣਾਅ ਅਤੇ ਨੈਤਿਕ ਪਤਨ ਨਾਲ ਘਿਰਿਆ ਹੋਇਆ ਹੈ | ਹਰ ਪਾਸੇ ਮਨੁੱਖਤਾ ਦੀ ਕਮੀ ਮਹਿਸੂਸ ਹੋ ਰਹੀ ਹੈ, ਰਿਸ਼ਤੇ ਕਮਜ਼ੋਰ ਹੋ ਰਹੇ ਹਨ ਅਤੇ ਮਨੁੱਖ ਅੰਦਰੋਂ ਖਾਲੀਪਨ ਮਹਿਸੂਸ ਕਰ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਨੇ ਆਪਣੇ ਅਸਲ ਸਰੂਪ-ਆਤਮਾ-ਨੂੰ ਭੁੱਲਾ ਦਿੱਤਾ ਹੈ ਅਤੇ ਅਧਿਆਤਮ ਤੋਂ ਦੂਰ ਹੋ ਗਿਆ ਹੈ | ਜਦ ਮਨੁੱਖ ਆਪਣੇ ਅੰਦਰ ਦੇ ਪ੍ਰਭੂ ਨਾਲ ਜੋੜ ਨਹੀਂ ਬਣਾਉਂਦਾ, ਤਦ ਉਸ ਦਾ ਜੀਵਨ ਅਸ਼ਾਂਤੀ ਨਾਲ ਭਰ ਜਾਂਦਾ ਹੈ | ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਜੇ ਅੱਜ ਦਾ ਮਨੁੱਖ ਆਪਣੇ ਜੀਵਨ ਵਿਚ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਚਾਹੁੰਦਾ ਹੈ, ਤਾਂ ਉਸ ਨੰੂ ਅਧਿਆਤਮਕ ਮਾਰਗ ਅਪਣਾਉਣਾ ਹੀ ਪਵੇਗਾ | ਸਤਿਸੰਗ ਦੌਰਾਨ ਸਾਧਵੀ ਗੁਰਪ੍ਰੀਤ ਭਾਰਤੀ ਵਲੋਂ ਭਾਵਪੂਰਨ ਭਜਨ ਕੀਰਤਨ ਗਾਇਣ ਕੀਤਾ ਗਿਆ | ਅੰਤ ਵਿਚ ਸੰਗਤ ਨੇ ਸਤਿਗੁਰੂ ਦੀ ਬਾਣੀ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਜੀਵਨ ਨੂੰ ਧਾਰਮਿਕ ਅਤੇ ਆਤਮਿਕ ਮਾਰਗ 'ਤੇ ਚਲਾਉਣ ਦਾ ਸੰਕਲਪ ਕੀਤਾ |