ਮੱਖੂ, 4 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ 'ਚ ਮੌਸਮ ਦੀ ਖ਼ਰਾਬੀ ਨਾਲ ਕਈਆਂ ਥਾਵਾਂ 'ਤੇ ਭਾਰੀ ਮੀਂਹ, ਗੜੇ, ਹਨ੍ਹੇਰੀ ਨਾਲ ਕਿਸਾਨਾਂ ਦੀ ਪੱਕਣ 'ਤੇ ਆਈ ਹੋਈ ਫ਼ਸਲ ਤਬਾਹ ਹੋ ਗਈ ਹੈ, ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਪਰ ਬੇਮੌਸਮੀ ਮੀਂਹ ਹਨ੍ਹੇਰੀ ਅਤੇ ਗੜਿਆਂ ਨੇ ਕਿਸਾਨਾਂ ਦੇ ਅਰਮਾਨਾਂ ਦੇ ਪਾਣੀ ਢੇਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਐਗਜ਼ੈਕਟਿਵ ਕਮੇਟੀ ਮੈਂਬਰ ਗੁਰਮੀਤ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਪਹਿਲੇ ਹੜ੍ਹਾਂ ਕਾਰਨ ਪੰਜਾਬ ਦਾ ਕਿਸਾਨ ਬਰਬਾਦੀ ਦੀ ਕਤਾਰ ਤੇ ਆ ਗਿਆ ਸੀ ਅਤੇ ਪਰ ਹੁਣ ਕਣਕ ਦੀ ਵਧੀਆ ਫ਼ਸਲ ਹੋਣ ਦੀ ਆਸ ਵਿਚ ਕਿਸਾਨ ਵਲੋਂ ਆਪਣੇ ਆਪਣੇ ਪਰਿਵਾਰਾਂ ਨਾਲ ਮਿਲ ਕੇ ਜੋ ਸੁਪਨੇ ਸੰਜੋਏ ਹੋਏ ਉਨ੍ਹਾਂ ਤੇ ਮੌਸਮ ਦੀ ਖ਼ਰਾਬੀ ਨੇ ਪਾਣੀ ਫੇਰ ਦਿੱਤਾ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਖ਼ਜ਼ਾਨਾ ਦੀ ਖ਼ਰਾਬ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ ਨਹੀਂ ਤਾਂ ਕੁਦਰਤ ਦਾ ਸਤਾਏ ਹੋਏ ਕਿਸਾਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ ਖੜੀ ਹੈ |