ਗੁਰੂਹਰਸਹਾਏ, 10 ਅਪ੍ਰੈਲ (ਕਪਿਲ ਕੰਧਾਰੀ)-ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਪੰਜਾਬ) ਜ਼ਿਲਾ ਫਿਰੋਜ਼ਪੁਰ ਦੇ ਸਰਪ੍ਰਸਤ ਇੰਜੀ. ਬਲਬੀਰ ਸਿੰਘ ਵੋਹਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹਾਲੀਆ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ | ਉਨ੍ਹਾਂ ਇਸ ਫ਼ੈਸਲੇ ਨੂੰ ਮੌਜੂਦਾ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ 'ਤੇ ਇਕ ਵੱਡਾ ਨੈਤਿਕ ਅਤੇ ਕਾਨੂੰਨੀ ਝਟਕਾ ਕਰਾਰ ਦਿੱਤਾ | ਇੰਜੀ. ਵੋਹਰਾ ਨੇ ਮਾਨਯੋਗ ਜੱਜ ਸ੍ਰੀ ਹਰਪ੍ਰੀਤ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਲਤ ਵਲੋਂ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਕਰਨਾ ਇਨਸਾਫ਼ ਦੀ ਮਹੱਤਵਪੂਰਨ ਮਿਸਾਲ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਨਾਰਾਜ਼ਗੀ ਵਧੀ ਹੈ, ਜੋ ਪਿਛਲੇ ਕਾਫ਼ੀ ਸਮੇਂ ਤੋਂ ਸਾਹਮਣੇ ਆ ਰਹੀ ਹੈ | ਉਨ੍ਹਾਂ ਸਾਰੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਸਥਿਤੀ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਬਣਾਈ ਜਾ ਰਹੀ ਸਬ-ਕਮੇਟੀ ਦੇ ਅਸਲ ਮਕਸਦ 'ਤੇ ਵੀ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਸ ਦੇ ਜ਼ਰੀਏ ਪਿਛਲੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਹੱਕਾਂ 'ਤੇ ਅਸਰ ਪੈ ਸਕਦਾ ਹੈ | ਇੰਜੀ. ਵੋਹਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਪੈਨਸ਼ਨਰ ਅਤੇ ਮੁਲਾਜ਼ਮ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨਗੇ | ਇਸ ਮੌਕੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਨੇ ਵੀ ਹਾਈ ਕੋਰਟ ਦੇ ਫ਼ੈਸਲੇ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਆਪਣੇ ਹੱਕਾਂ ਦੀ ਰਾਖੀ ਲਈ ਅੰਤ ਤੱਕ ਲੜਨ ਦਾ ਸੰਕਲਪ ਕੀਤਾ |