ਮੱਲਾਂਵਾਲਾ, 14 ਅਪ੍ਰੈਲ (ਬਲਬੀਰ ਸਿੰਘ ਜੋਸਨ)-ਸੂਬੇ ਅੰਦਰ ਬੀਤੇ ਦਿਨੀਂ ਹੋਈ ਬੇਮੌਸਮੀ ਬਾਰਸ਼ ਅਤੇ ਗੜੇਮਾਰੀ ਨਾਲ ਜਿੱਥੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੁਣ ਬਚੀ ਹੋਈ ਫਸਲ ਨੂੰ ਮੰਡੀਆਂ ਵਿਚ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਆਗੂ ਹੀਰਾ ਸਿੰਘ ਗੁਰਦਿੱਤੀ ਵਾਲਾ ਅਤੇ ਮਲਕੀਤ ਸਿੰਘ ਸੰਧੂ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਗੁਣਵੱਤਾ ਘੱਟ ਹੋਣ ਦਾ ਬਹਾਨਾ ਲਗਾ ਕੇ ਖ਼ਰੀਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਇਸ ਨਾਲ ਕਿਸਾਨ ਕੁਦਰਤੀ ਆਫ਼ਤ ਤੋਂ ਬਾਅਦ ਹੁਣ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਮੰਡੀਆਂ ਵਿਚ ਨਾ ਤਾਂ ਸਫ਼ਾਈ ਦੇ ਢੁਕਵੇਂ ਪ੍ਰਬੰਧ ਹਨ, ਨਾ ਹੀ ਪੀਣ ਵਾਲੇ ਪਾਣੀ ਅਤੇ ਲਾਈਟ ਦੀ ਸੁਵਿਧਾ ਮੌਜੂਦ ਹੈ | ਇਸ ਤੋਂ ਇਲਾਵਾ ਬਾਰਦਾਣੇ ਦੀ ਘਾਟ ਅਤੇ ਕਣਕ ਦੀ ਬੋਲੀ ਨਾ ਹੋਣ ਕਾਰਨ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ | ਆਗੂਆਂ ਨੇ ਕਿਹਾ ਕਿ ਮੌਜੂਦਾ ਹਾਲਾਤ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ੍ਹ ਰਹੇ ਹਨ | ਜੇਕਰ ਜਲਦ ਮੰਡੀਆਂ ਵਿੱਚ ਢੁਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਬਲਜੀਤ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਜਰਨਲ ਸਕੱਤਰ, ਮੇਜਰ ਸਿੰਘ ਇਕਾਈ ਪ੍ਰਧਾਨ, ਅਰਸ਼ਦੀਪ ਸਿੰਘ ਪੈੱ੍ਰਸ ਸਕੱਤਰ ਅਤੇ ਦਰਸ਼ਨ ਸਿੰਘ ਵਾਈਸ ਪ੍ਰਧਾਨ ਵੀ ਹਾਜ਼ਰ ਸਨ |