ਮੱਖੂ, 16 ਅਪ੍ਰੈਲ (ਵਰਿੰਦਰ ਮਨਚੰਦਾ)- ਦਾਣਾ ਮੰਡੀ ਮੱਖੂ ਦਾ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਅਤੇ ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ ਵਲੋਂ ਦੌਰਾ ਕੀਤਾ ਗਿਆ | ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਦੀ ਖ਼ਰੀਦ ਨਿਰਵਿਘਨ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਚੇਅਰਮੈਨ ਵਰਪਾਲ ਨੇ ਕਿਹਾ ਕਿ ਜੇਕਰ ਕਿਸੇ ਵੀ ਆੜ੍ਹਤੀਆਂ ਸਾਹਿਬਾਨ, ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਹੋਵੇ ਤਾਂ ਉਹ ਮਾਰਕੀਟ ਕਮੇਟੀ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ 24 ਘੰਟੇ ਹਾੜ੍ਹੀ ਦੇ ਸੀਜ਼ਨ ਵਿਚ ਮੰਡੀ 'ਚ ਮੌਜੂਦ ਰਹਾਂਗੇ ਅਤੇ ਮੰਡੀਆਂ ਦੇ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ |