ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਇਕ ਪਾਸੇ ਜਿੱਥੇ ਅੱਜ ਕੱਲ੍ਹ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ੀ ਭਾਸ਼ਾਵਾਂ ਵੱਲ ਵੱਧ ਰਿਹਾ ਹੈ, ਉੱਥੇ ਫ਼ਿਰੋਜ਼ਪੁਰ ਦੇ ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਦੀ ਵਿਦਿਆਰਥਣ ਰਵਨੂਰਪ੍ਰੀਤ ਕੌਰ ਸਿੱਧੂ ਨੇ ਆਪਣੀ ਮਾਂ ਬੋਲੀ ਪੰਜਾਬੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵਾਂ ਮਾਪਦੰਡ ਸਥਾਪਤ ਕੀਤਾ ਹੈ | ਰਵਨੂਰਪ੍ਰੀਤ ਕੌਰ ਨੇ ਸੀ.ਬੀ.ਐਸ.ਈ ਵਲੋਂ ਹਾਲ ਹੀ ਵਿਚ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬੀ ਵਿਸ਼ੇ ਵਿਚ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਸਕੂਲ, ਸਗੋਂ ਪੂਰੇ ਜ਼ਿਲ੍ਹੇ ਅਤੇ ਰਾਜ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥਣ ਦੀ ਇਸ ਮਾਣਯੋਗ ਉਪਲਬਧੀ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸ.ਸੀ. ਸਾਂਵਲਕਾ, ਸਕੱਤਰ ਰਜਨੀਸ਼ ਸਾਂਵਲਕਾ, ਡਾਇਰੈਕਟਰ ਐੱਸ.ਪੀ. ਆਨੰਦ ਅਤੇ ਪਿ੍ੰਸੀਪਲ ਡਾ. ਪ੍ਰਵੀਨ ਔਲ਼ ਨੇ ਵਿਦਿਆਰਥਣ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥਣ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਉੱਥੇ ਸਕੂਲ ਦੇ ਉੱਚ ਸਿੱਖਿਆ ਮਿਆਰਾਂ ਦੀ ਵੀ ਪਛਾਣ ਹੈ | ਰਵਨੂਰਪ੍ਰੀਤ ਕੌਰ ਸਿੱਧੂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਪੰਜਾਬੀ ਵਿਭਾਗ ਦੀ ਮੁਖੀ ਅਤੇ ਵਿਸ਼ੇ ਦੀ ਅਧਿਆਪਕਾ ਮੈਡਮ ਜਸਵਿੰਦਰ ਪਾਲ ਕੌਰ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਹੁਤ ਹੀ ਸੁਚੱਜੇ ਅਤੇ ਗਹਿਰੇ ਢੰਗ ਨਾਲ ਪੜ੍ਹਾਇਆ ਜਾਂਦਾ ਹੈ | ਜਿਸ ਨਾਲ ਵਿਦਿਆਰਥੀਆਂ ਨੂੰ ਵਿਸ਼ੇ ਦੀ ਪੂਰੀ ਸਮਝ ਬਣਦੀ ਹੈ | ਸਕੂਲ ਪ੍ਰਬੰਧਕਾਂ ਨੇ ਵੀ ਮੈਡਮ ਜਸਵਿੰਦਰ ਪਾਲ ਕੌਰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਉੱਤਮ ਨਤੀਜੇ ਪ੍ਰਾਪਤ ਕਰਨ ਦੀ ਕਾਮਨਾ ਕੀਤੀ | ਮੈਡਮ ਜਸਵਿੰਦਰ ਪਾਲ ਕੌਰ ਦਾ ਕਹਿਣਾ ਹੈ ਕਿ ਰਵਨੂਰਪ੍ਰੀਤ ਕੌਰ ਸਿੱਧੂ ਦੀ ਇਸ ਉਪਲਬਧੀ ਨਾਲ ਮਾਂ ਬੋਲੀ ਪੰਜਾਬੀ ਪ੍ਰਤੀ ਵਿਦਿਆਰਥੀਆਂ ਵਿਚ ਵਧ ਰਹੀ ਰੁਚੀ ਨੂੰ ਵੀ ਬਲ ਮਿਲਿਆ ਹੈ | ਇਹ ਉਪਲਬਧੀ ਭਵਿੱਖ ਵਿਚ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰੇਗੀ |