ਅਬੋਹਰ,19 ਅਪ੍ਰੈਲ(ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਕੁਲਾਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧੜਿਆਂ ਵਿਚ ਹੋਏ ਖ਼ੂਨੀ ਸੰਘਰਸ਼ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਵਿਚ ਦੋਵਾਂ ਧਿਰਾਂ ਦੇ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ | ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ਲਈ ਰੈਫ਼ਰ ਕਰ ਦਿੱਤਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ.(ਡੀ) ਗੁਰਮੀਤ ਸਿੰਘ ਅਤੇ ਡੀ.ਐੱਸ.ਪੀ ਦਿਹਾਤੀ ਅਮਨਦੀਪ ਸਮੇਤ ਭਾਰੀ ਪੁਲਿਸ ਫੋਰਸ ਹਸਪਤਾਲ ਪਹੁੰਚੀ | ਜਾਣਕਾਰੀ ਅਨੁਸਾਰ ਪਿੰਡ ਕੁਲਾਰ ਦੀ ਨਿਵਾਸੀ ਕਾਂਤਾ ਜਿਆਣੀ ਅਤੇ ਉਸ ਦੀ ਬੇਟੀ ਰਾਸ਼ੀ ਵਿਚਾਲੇ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਦਾ ਕੇਸ ਅਦਾਲਤ ਵਿਚ ਵੀ ਵਿਚਾਰ ਅਧੀਨ ਹੈ | ਦੱਸਿਆ ਜਾ ਰਿਹਾ ਹੈ ਕਿ ਰਾਸ਼ੀ ਜਿਆਣੀ ਕੁੱਝ ਸਾਥੀਆਂ ਸਮੇਤ ਖੇਤ ਵਿਚ ਕਣਕ ਦੀ ਕਟਾਈ ਕਰਵਾਉਣ ਪਹੁੰਚੀ ਸੀ | ਜਦੋਂ ਇਸ ਦੀ ਭਿਣਕ ਉਸ ਦੀ ਮਾਂ ਕਾਂਤਾ ਜਿਆਣੀ ਨੂੰ ਲੱਗੀ ਤਾਂ ਉਹ ਵੀ ਆਪਣੇ ਹਮਾਇਤੀਆਂ ਨਾਲ ਮੌਕੇ 'ਤੇ ਪਹੁੰਚ ਗਈ | ਬਹਿਸ ਬਾਜ਼ੀ ਦੌਰਾਨ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲ ਪਈਆਂ | ਇਸ ਹਿੰਸਕ ਝੜਪ ਵਿਚ ਪਿੰਡ ਕੁਲਾਰ ਦਾ ਵਿਕਰਮਜੀਤ ਸਿੰਘ, ਬਹਾਵਵਾਲਾ ਦਾ ਲਵਜੀਤ ਸਿੰਘ ਅਤੇ ਦੂਜੀ ਧਿਰ ਦੇ ਤਾਰਾ ਚੰਦ 'ਤੇ ਊਧਮ ਸਿੰਘ ਜ਼ਖ਼ਮੀ ਹੋਏ ਹਨ | ਡਾਕਟਰਾਂ ਮੁਤਾਬਿਕ ਲਵਜੀਤ ਦੇ ਹੱਥ 'ਤੇ ਤੇਜ਼ਧਾਰ ਹਥਿਆਰ ਲੱਗਣ ਕਾਰਨ ਸੱਟ ਲੱਗੀ ਹੈ, ਜਦਕਿ ਬਾਕੀ ਤਿੰਨਾਂ ਦੀ ਹਾਲਤ ਗੰਭੀਰ ਹੈ | ਗੋਲੀ ਲੱਗਣ ਦੀ ਪੁਸ਼ਟੀ ਸੀ.ਟੀ ਸਕੈਨ ਤੋਂ ਬਾਅਦ ਹੋਵੇਗੀ | ਐੱਸ.ਪੀ.ਡੀ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਮਾਂ-ਧੀ ਦਾ ਜ਼ਮੀਨੀ ਝਗੜਾ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਹੱਥ ਵਿਚ ਲੈਣ ਅਤੇ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |