ਗੁਰੂਹਰਸਹਾਏ, 19 ਅਪ੍ਰੈਲ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਉੱਘੇ ਉਦਯੋਗਪਤੀ ਅਤੇ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਇਲਾਕੇ ਅੰਦਰ ਜਿਥੇ ਪਹਿਲਾਂ ਹੀ ਲੋੜਵੰਦ ਲੋਕਾਂ ਦੀ ਮਦਦ , ਧਾਰਮਿਕ ਥਾਵਾਂ ਦੀ ਮਦਦ ਅਤੇ ਹੋਰ ਵਿਸ਼ੇਸ਼ ਉਪਰਾਲੇ ਕਰਨ 'ਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਸੀ | ਉਸੇ ਹੀ ਕੜੀ ਨੂੰ ਅੱਗੇ ਵਧਾਉਂਦਿਆਂ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਲਈ ਆਪਣੇ ਕੋਲੋਂ ਚਾਰ ਫਾਇਰ ਬਿ੍ਗੇਡ ਗੱਡੀਆਂ ਮੁਹੱਈਆ ਕਰਵਾਈਆਂ ਹਨ ਅਤੇ ਇਸ ਲਈ ਇਕ ਟੋਲ ਫ਼ਰੀ ਨੰਬਰ ਜਾਰੀ ਕਰਕੇ ਇਲਾਕੇ ਦੀ ਸੇਵਾ ਲਈ ਭੇਟ ਕੀਤੀਆਂ | ਫ਼ਿਰੋਜਪੁਰ-ਫ਼ਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਗੁੱਦੜ ਢੰਡੀ, ਪਿੰਡ ਹਾਮਦ ਦੇ ਨਜ਼ਦੀਕ ਬਣੇ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਖੜੀਆਂ ਕੀਤੀਆਂ ਫਾਇਰ ਬਿ੍ਗੇਡ ਗੱਡੀਆਂ ਲੋਕਾਂ ਦੀ ਸਹੂਲਤ ਲਈ ਵਰਦਾਨ ਸਾਬਤ ਹੋਣਗੀਆਂ | ਵਿਧਾਨ ਸਭਾ ਹਲਕਾ ਗੁਰੂਹਰਸਹਾਏ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਕੱਦਾਵਰ ਨੇਤਾ ਰਹੇ ਪਰ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਫਾਇਰ ਬਿ੍ਗੇਡ ਗੱਡੀ ਸਰਕਾਰੀ ਤੌਰ 'ਤੇ ਮੁਹੱਈਆ ਨਹੀਂ ਕਰਵਾਈ ਕਿਉਂਕਿ ਜਦੋਂ ਵੀ ਕਿਤੇ ਅੱਗ ਲੱਗਣ ਦੀਆਂ ਅਣ ਸੁਖਾਵੀਂਆਂ ਘਟਨਾ ਵਾਪਰਦੀਆਂ ਸਨ ਤਾਂ ਸਭ ਤੋਂ ਪਹਿਲਾਂ ਫਾਇਰ ਬਿ੍ਗੇਡ ਗੱਡੀ ਦੀ ਲੋੜ ਪੈਂਦੀ ਹੈ, ਪਰ ਇੱਥੇ ਫਾਇਰ ਬਿ੍ਗੇਡ ਗੱਡੀ ਨਾ ਹੋਣ ਕਾਰਨ ਅੱਗ ਲੱਗਣ ਸਮੇਂ ਵੱਡਾ ਨੁਕਸਾਨ ਹੋ ਜਾਂਦਾ ਸੀ | ਲੋਕਾਂ ਦੀ ਮੁੱਢਲੀ ਤੇ ਚਿਰੋਕਣੀ ਮੰਗ ਪੂਰੀ ਕਰਨ ਤੇ ਇਲਾਕੇ ਦੇ ਲੋਕਾਂ ਵਲੋਂ ਰਾਮਿੰਦਰ ਸਿੰਘ ਆਵਲਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ |