ਫ਼ਾਜ਼ਿਲਕਾ, 19 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਅਤੇ ਅਰਨੀਵਾਲਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਦੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਐੱਸ.ਆਈ ਸਰਵਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਬਾਧਾ ਟੀ ਪੁਆਇੰਟ ਖ਼ਾਲੀ ਖੰਡਰਾਂ ਨੇੜੇ ਮੌਜੂਦ ਸੀ ਤਾਂ ਕੰਧ ਦੇ ਨਾਲ ਬੈਠੇ 2 ਵਿਅਕਤੀਆਂ ਰਕੇਸ਼ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਸੈਣੀਆਂ ਰੋਡ ਲੱਕੜ ਮੰਡੀ ਫ਼ਾਜ਼ਿਲਕਾ ਅਤੇ ਜਸਕਰਨ ਪੁੱਤਰ ਰਫੂਜ ਸਿੰਘ ਵਾਸੀ ਜੰਡਵਾਲਾ ਖਰਤਾ ਨੂੰ ਸਿਲਵਰ ਪੰਨੀ, 10 ਰੁਪਏ ਵਾਲੇ ਨੋਟ ਦੀ ਪਾਈਪ ਅਤੇ ਲਾਈਟਰ ਸਮੇਤ ਕਾਬੂ ਕੀਤਾ ਗਿਆ | ਥਾਣਾ ਅਰਨੀਵਾਲਾ ਦੇ ਜਾਂਚ ਅਧਿਕਾਰੀ ਐੱਸ.ਆਈ ਆਕਾਸ਼ ਕੰਬੋਜ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦ ਸ਼ਮਸ਼ਾਨ ਘਾਟ ਪਿੰਡ ਡੱਬਵਾਲਾ ਕਲਾ ਪੁੱਜੀ ਤਾਂ ਉੱਥੇ ਇਕ ਵਿਅਕਤੀ ਕੁੱਝ ਪੀਂਦਾ ਦਿਖਾਈ ਦਿੱਤਾ | ਜਿਸ ਨੂੰ ਸ਼ੱਕ ਦੀ ਬਿਨਾਅ ਪਰ ਕਾਬੂ ਕੀਤਾ | ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਤਲਵਿੰਦਰ ਸਿੰਘ ਉਰਫ਼ ਤੱਲੂ ਪੁੱਤਰ ਗੁਰਮੀਤ ਸਿੰਘ ਵਾਸੀ ਟਿੱਬਾ ਬਸਤੀ ਅਰਨੀਵਾਲਾ ਦੱਸਿਆ, ਜੋ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਿਸ ਕੋਲੋਂ ਸਿਲਵਰ ਪੰਨੀ, ਹੈਰੋਇਨ ਅਲੂਦ ਲਾਈਟਰ ਅਤੇ 20 ਰੁਪਏ ਦਾ ਨੋਟ ਬਰਾਮਦ ਹੋਇਆ | ਫੜੇ ਗਏ ਤਿੰਨਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |