ਮੰਡੀ ਅਰਨੀਵਾਲਾ, 21ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਜੰਡ ਵਾਲਾ ਭੀਮੇ ਸ਼ਾਹ ਦੇ ਇੱਕ ਮਜ਼ਦੂਰ ਨੇ ਪਿੰਡ ਦੇ ਹੀ ਇੱਕ ਵਿਅਕਤੀ ਉੱਤੇ ਉਸ ਦੀ ਖੜੀ ਹੋਈ ਸੱਤ ਏਕੜ ਕਣਕ ਵੱਢਣ ਦੇ ਇਲਜ਼ਾਮ ਲਗਾਏ ਹਨ, ਮਾਮਲਾ ਪੁਲਿਸ ਕੋਲ ਜਾ ਪੁੱਜਾ ਹੈ | ਅੰਗਰੇਜ਼ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਜੰਡਵਾਲਾ ਭੀਮ ਸ਼ਾਹ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇੱਕ ਵਿਅਕਤੀ ਦੇ 17 ਹਜ਼ਾਰ ਰੁਪਏ ਦੇਣੇ ਸਨ ਅਤੇ ਉਸ ਨੇ ਲੱਖ ਰੁਪਏ ਵਿਆਜ ਉੱਤੇ ਲਿਆ ਸੀ | ਜਿਸ ਬਦਲੇ ਉਸ ਨੇ ਅਸ਼ਟਾਮ ਉੱਤੇ ਆਪਣਾ ਘਰ ਲਿਖ ਕੇ ਦਿੱਤਾ ਹੋਇਆ ਸੀ ਅਤੇ ਕਣਕ ਕੱਟਣ ਤੋਂ ਬਾਅਦ ਦੋਨਾਂ ਨੂੰ ਪੈਸੇ ਦੇਣ ਦਾ ਇਕਰਾਰ ਕਰ ਲਿਆ | ਇਸ ਸਬੰਧੀ ਬਕਾਇਦਾ ਪੰਚਾਇਤ ਵੀ ਹੋਈ | ਜਿਸ ਵਿਚ ਇਸ ਗੱਲ ਤੇ ਸਹਿਮਤੀ ਬਣੀ ਸੀ ਕਿ ਉਹ ਕਣਕ ਵੱਢਣ ਤੋਂ ਬਾਅਦ ਪੇਮੈਂਟ ਦੇ ਦੇਵੇਗਾ | ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭੀਮ ਸਿੰਘ ਜਗਸੀਰ ਸਿੰਘ ਸੁਮਿਤ ਕੁਮਾਰ ਸੁਰਜੀਤ ਸਿੰਘ ਉਰਫ਼ ਜੁਗਨੀ ਅਤੇ ਇਸ ਦੇ ਮੁੰਡੇ ਅਰਪਣ ਤੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਉਸ ਨੂੰ ਬਿਨਾਂ ਪੁੱਛੇ ਹੀ ਉਸ ਦੀ ਕਣਕ ਵੱਢ ਲਈ ਜੋ ਕਿ 4 ਲੱਖ ਰੁਪਏ ਦੀ ਬਣਦੀ ਹੈ | ਉੱਧਰ ਪੰਚਾਇਤ ਦੇ ਸਾਬਕਾ ਮੈਂਬਰ ਰਜੇਸ਼ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਪੰਚਾਇਤ ਵਿਚ ਬੈਠ ਕੇ ਫ਼ੈਸਲਾ ਹੋਇਆ ਸੀ ਪਰ ਜੋ ਮਜ਼ਦੂਰ ਦੀ ਕਣਕ ਵੱਡੀ ਗਈ ਹੈ ,ਬਹੁਤ ਗ਼ਲਤ ਕੀਤਾ ਗਿਆ ਹੈ | ਇਸ ਵਿਚ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ | ਉੱਧਰ ਦੂਜੀ ਧਿਰ ਨੇ ਕਿਹਾ ਹੈ ਕਿ ਉਸ ਨੇ ਸਾਨੂੰ ਕਣਕ ਵੱਢ ਲੈਣ ਲਈ ਕਿਹਾ ਸੀ | ਮੰਡੀ ਰੋੜਾਂਵਾਲੀ ਦੇ ਚੌਂਕੀ ਇੰਚਾਰਜ ਨੇ ਕਿਹਾ ਕਿ ਦਰਖਾਸਤ ਉਨ੍ਹਾਂ ਕੋਲ ਪੁੱਜੀ ਹੈ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਉਣਗੇ |