ਗੁਰੂਹਰਸਹਾਏ, 20 ਅਪ੍ਰੈਲ(ਕਪਿਲ ਕੰਧਾਰੀ)-ਸ਼ਹਿਰ ਵਿਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਿਨੋਂ-ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਹਿਲਾਂ ਜਦੋਂ ਸ਼ਹਿਰ ਦੇ ਕਿਸੇ ਵੀ ਖਪਤਕਾਰ ਦੀ ਬਿਜਲੀ ਖ਼ਰਾਬ ਹੋ ਜਾਂਦੀ ਸੀ ਤਾਂ ਉਸਨੂੰ ਜਲਾਲਾਬਾਦ ਵਿਖੇ ਸਥਿਤ ਸ਼ਿਕਾਇਤ ਦਫਤਰ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਪੈਂਦੀ ਸੀ | ਉੱਥੇ ਕਰਮਚਾਰੀਆਂ ਵਲੋਂ ਆਨਲਾਈਨ ਕੰਪਲੇਂਟ ਰਜਿਸਟਰ ਕਰਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਂਦਾ ਸੀ ਪਰ ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਜਲਾਲਾਬਾਦ ਦੇ ਸ਼ਿਕਾਇਤ ਦਫਤਰ ਵਿਚ ਬੈਠੇ ਕਰਮਚਾਰੀ ਹੜਤਾਲ 'ਤੇ ਹਨ | ਜਿਸ ਕਾਰਨ ਕੰਪਲੇਂਟ ਨੰਬਰ ਵੀ ਬੰਦ ਆ ਰਿਹਾ ਹੈ | ਇਸ ਸਥਿਤੀ ਕਾਰਨ ਲੋਕਾਂ ਨੂੰ ਆਪਣੀ ਬਿਜਲੀ ਸੰਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਗੁਰੂਹਰਸਹਾਏ ਵਿਖੇ ਬੱਤੀਆਂ ਵਾਲੇ ਚੌਕ ਕੋਲ ਬਣੇ ਬਿਜਲੀ ਵਿਭਾਗ ਦੇ ਕੰਪਲੇਂਟ ਦਫਤਰ ਵਿਚ ਆਪਣੀ ਸ਼ਿਕਾਇਤ ਲਿਖਵਾਉਣ ਲਈ ਜਾਂਦੇ ਹਨ ਤਾਂ ਉੱਥੇ ਕੋਈ ਵੀ ਕਰਮਚਾਰੀ ਆਪਣੀ ਸੀਟ 'ਤੇ ਮੌਜੂਦ ਨਹੀਂ ਹੁੰਦਾ | ਦਫਤਰ ਸੰੂਨਾ ਪਿਆ ਰਹਿੰਦਾ ਹੈ, ਜਿਸ ਕਰਕੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਮਾਯੂਸ ਹੋ ਕੇ ਵਾਪਸ ਮੁੜਨਾ ਪੈਂਦਾ ਹੈ | ਲੋਕਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਪਰ ਇਸ ਤਰ੍ਹਾਂ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਦਿਨਚਰੀ ਬਹੁਤ ਪ੍ਰਭਾਵਿਤ ਹੋ ਰਹੀ ਹੈ | ਬਿਜਲੀ ਖ਼ਰਾਬ ਹੋਣ 'ਤੇ ਨਾ ਤਾਂ ਸ਼ਿਕਾਇਤ ਦਰਜ ਹੋ ਰਹੀ ਹੈ ਅਤੇ ਨਾ ਹੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ | ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ | ਹੜਤਾਲ ਕਰ ਰਹੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਸੇਵਾਵਾਂ ਨੂੰ ਮੁੜ ਸ਼ੁਰੂ ਕਰਵਾਇਆ ਜਾਵੇ ਜਾਂ ਜਲਾਲਾਬਾਦ ਸ਼ਿਕਾਇਤ ਦਫਤਰ ਵਿਚ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾ ਕੇ ਸ਼ਿਕਾਇਤ ਪ੍ਰਣਾਲੀ ਨੂੰ ਤੁਰੰਤ ਚਾਲੂ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |