ਜ਼ੀਰਾ, 21 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਜੀਰਾ-ਤਲਵੰਡੀ ਨੈਸ਼ਨਲ ਹਾਈਵੇ ਨੰਬਰ 54 'ਤੇ ਪਿੰਡ ਰਟੋਲ ਰੋਹੀ ਕੋਲ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਚੱਲਦੀ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ | ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਅਤੇ ਪੂਰੀ ਤਰ੍ਹਾਂ ਸੜ ਗਈ | ਇਸ ਸਬੰਧੀ ਕਾਰ ਦੇ ਮਾਲਕ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫ਼ਿਰੋਜਪੁਰ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਵਾਇਆ ਤਲਵੰਡੀ ਭਾਈ ਰਾਹੀ ਆਪਣੀ ਟਾਟਾ ਹੈਰੀਅਰ ਕਾਰ ਨੰਬਰ ਪੀ.ਬੀ 05 ਏ.ਆਰ 0505 'ਤੇ ਜ਼ੀਰਾ ਆ ਰਿਹਾ ਸੀ | ਜਦੋਂ ਪਿੰਡ ਰਟੌਲ ਰੋਹੀ ਕੋਲ ਪੁੱਜਾ ਤਾਂ ਅਚਾਨਕ ਉਸ ਦੀ ਕਾਰ ਵਿਚੋਂ ਧੰੂਆਂ ਨਿਕਲਣ ਲੱਗ ਪਿਆ | ਜਦੋਂ ਉਸ ਨੇ ਉੱਤਰ ਕੇ ਦੇਖਿਆ ਤਾਂ ਉਸ ਦੀ ਕਾਰ ਨੂੰ ਅੱਗ ਲੱਗ ਚੁੱਕੀ ਸੀ ਅਤੇ ਦੇਖਦੇ ਦੇਖਦੇ ਕਾਰ ਸੜ ਕੇ ਸਵਾਹ ਹੋ ਗਈ | ਇਸ ਦੌਰਾਨ ਜ਼ੀਰਾ ਤੋਂ ਪਹੁੰਚੀ ਫਾਇਰ ਬਿ੍ਗੇਡ ਗੱਡੀ ਨੇ ਅੱਗ 'ਤੇ ਕਾਬੂ ਪਾਇਆ | ਇਸ ਹਾਦਸੇ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਕਾਰ ਚਾਲਕ ਨੇ ਸਮਾਂ ਰਹਿੰਦੇ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ |