ਮਮਦੋਟ, 24 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਪਿਛਲੇ ਕਰੀਬ ਇਕ ਮਹੀਨੇ ਤਾੋ ਕਣਕ ਪੱਕਣ ਕਾਰਨ ਪੇਂਡੂ ਇਲਾਕਿਆਂ ਵਿਚ ਦਿਨ ਸਮੇਂ ਲੱਗਣ ਵਾਲੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸਨ,ਪਰੰਤੂ ਹੁਣ ਪਿਛਲੇ 15 ਦਿਨਾਂ ਤੋਂ ਰਾਤ ਸਮੇਂ ਵੀ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ,ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਦਿਨ-ਰਾਤ ਲੱਗਦੇ ਲੰਮੇ-ਲੰਮੇ ਬਿਜਲੀ ਕੱਟਾਂ ਕਾਰਨ ਲੋਕ ਪੀਣ ਵਾਲੇ ਪਾਣੀ ਤੋਂ ਵੀ ਮੁਥਾਜ ਹੋ ਗਏ ਹਨ | ਹਾਲਾਤ ਇਹ ਹਨ ਕਿ ਕਿਸਾਨ ਅਤੇ ਮਜ਼ਦੂਰ ਸਾਰਾ ਦਿਨ ਖੇਤਾਂ ਵਿਚ ਕੰਮ ਕਰਦੇ ਹਨ ਤੇ ਜਦੋਂ ਰਾਤ ਨੂੰ ਘਰ ਪਹੁੰਚਦੇ ਹਨ ਤਾਂ ਉੱਪਰੋਂ ਅੱਤ ਦੀ ਗਰਮੀ ਤੇ ਉਧਰੋਂ ਪਾਣੀ ਵਾਲੀਆਂ ਮੋਟਰਾਂ ਨਾ ਚੱਲਣ ਕਾਰਨ ਨਹਾਉਣ ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਅਤੇ ਨਵ੍ਹਾਉਣ ਲਈ ਵੀ ਪਾਣੀ ਨਹੀਂ ਮਿਲਦਾ | ਬਿਜਲੀ ਨਾ ਆਉਣ ਕਾਰਨ ਇਨਵਰਟਰਾਂ ਦੇ ਬੈਟਰੀ ਪੂਰੀ ਤਰ੍ਹਾਂ ਚਾਰਜ ਨਾ ਹੋਣ ਕਾਰਨ ਜਲਦੀ ਬੰਦ ਹੋ ਜਾਂਦੇ ਹਨ | ਜਿਸ ਤੋਂ ਬਾਅਦ ਸਾਰਾ ਦਿਨ ਕੰਮ ਦੇ ਝੰਬੇ ਕਿਸਾਨਾਂ ਨੂੰ ਮੱਛਰ ਅਤੇ ਗਰਮੀ ਕਾਰਨ ਪੂਰੀ-ਪੂਰੀ ਰਾਤ ਜਾਗ ਕੇ ਕੱਟਣੀ ਪੈਂਦੀ ਹੈ ਅਤੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ | ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਲੋਕ ਹੁਣ ਰਾਤ ਸਮੇਂ ਹੀ ਸੜਕਾਂ ਤੇ ਉੱਤਰਨ ਲਈ ਮਜਬੂਰ ਹਨ | ਕੱਲ੍ਹ ਸਵੇਰ ਤੋਂ ਰਾਤ ਦੇ 10-11 ਵਜੇ ਤੱਕ ਬਿਜਲੀ ਨਾ ਆਉਣ ਕਾਰਨ ਪਿੰਡ ਦਿਲਾ ਰਾਮ, ਅਲੀ ਕੇ ਝੁੱਗਿਆਂ,ਅਲਫਾ ਕੇ ਲੋਧਰਾਂ,ਬਸਤੀ ਜੱਟਾ ਸਿੰਘ, ਹਰਗੋਬਿੰਦਪੁਰ,ਸ਼ਰੀਂਹ ਵਾਲਾ ਆਦਿ ਪਿੰਡਾਂ ਦੇ ਲੋਕਾਂ ਵਲੋਂ ਰਾਤ ਸਮੇਂ ਬਿਜਲੀ ਗਰਿੱਡ ਹਾਮਿਦ ਵਿਖੇ ਜਾ ਕੇ ਬਿਜਲੀ ਸਪਲਾਈ ਚਲਾਉਣ ਲਈ ਕਿਹਾ ਤਾਂ ਅੱਗੋਂ ਜਵਾਬ ਮਿਲਣ ਤੋਂ ਬਾਅਦ ਲੋਕਾਂ ਵਲੋਂ ਰਾਤ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਗਿੱਲ ਅਤੇ ਗੁਰਨਾਮ ਸਿੰਘ ਅਲੀ ਕੇ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਗਟ ਸਾਹਿਬ ਦੇ ਸਾਹਮਣੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਧਰਨਾ ਮਾਰ ਕੇ ਮੁੱਖ ਮਾਰਗ ਜਾਮ ਕਰ ਦਿੱਤਾ,ਜਿਸ ਤੋਂ ਬਾਅਦ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਧਰਨਾਕਾਰੀ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰਾਂ ਵਾਂਗ ਪੇਂਡੂ ਇਲਾਕਿਆਂ ਵਿਚ ਵੀ ਬਿਜਲੀ ਸਪਲਾਈ ਦੇਣ ਦੀ ਮੰਗ ਕਰ ਰਹੇ ਸਨ | ਧਰਨੇ ਦਾ ਪਤਾ ਚੱਲਣ ਤੇ ਥਾਣਾ ਲੱਖੋਂ ਕੇ ਬਹਿਰਾਮ ਦੇ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਹੋਰ ਅਧਿਕਾਰੀਆਂ ਨਾਲ ਮੌਕੇ ਤੋ ਪਹੁੰਚੇ ਜਿਨ੍ਹਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚ ਲਿਆਉਣ ਤੋਂ ਬਾਅਦ ਰਾਤ ਦੇ ਕਰੀਬ 2 ਵਜੇ ਪੇਂਡੂ ਇਲਾਕਿਆਂ ਦੀ ਬਿਜਲੀ ਸਪਲਾਈ ਚਾਲੂ ਕਰਵਾ ਕੇ ਧਰਨਾ ਸਮਾਪਤ ਕਰਵਾਇਆ ਗਿਆ | ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੇਂਡੂ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸੱਤਾਧਾਰੀ ਵਿਧਾਇਕਾਂ ਦੇ ਦਫ਼ਤਰਾਂ ਅਤੇ ਰਾਤ ਸਮੇਂ ਰਿਹਾਇਸ਼ਾਂ ਦਾ ਘਿਰਾਓ ਕਰਕੇ ਧਰਨੇ ਦਿੱਤੇ ਜਾਣਗੇ |