ਜ਼ੀਰਾ, 24 ਅਪ੍ਰੈਲ (ਰਜਨੀਸ਼ ਕਥੂਰੀਆ)-ਪਿੰਡ ਪੀਹੇਵਾਲੀ ਨਿਵਾਸੀ ਇਕ ਨੌਜਵਾਨ ਨੇ ਸਹਿਕਾਰੀ ਸਭਾ ਜ਼ੀਰਾ ਦੇ ਅਸਿਸਟੈਂਟ ਰਜਿਸਟਰਾਰ ਸੁਖਜੀਤ ਸਿੰਘ ਤੇ ਆਪਣੇ ਦਫਤਰ ਵਿਖੇ ਡਿਊਟੀ ਤੋਂ ਅਕਸਰ ਹੀ ਗੈਰ ਹਾਜ਼ਰ ਰਹਿਣ ਦਾ ਦੋਸ਼ ਲਗਾਇਆ ਹੈ | ਇਸ ਸੰਬੰਧ ਵਿਚ ਜੋਬਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਪੀਹੇਵਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੇ ਪਿੰਡ ਦੇ ਨਾਲ ਲੱਗਦੀ ਸਹਿਕਾਰੀ ਸਭਾ ਬੂਈਆਂਵਾਲਾ ਦੇ ਇਕ ਖਾਤਾ ਧਾਰਕ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਗੁਮਰਾਹ ਕਰਕੇ ਕਰਜ਼ਾ ਮੁਆਫ਼ੀ ਲੈਣ ਸਬੰਧੀ ਕਾਫ਼ੀ ਸਮਾਂ ਪਹਿਲਾਂ ਸਹਾਇਕ ਰਜਿਸਟਰਾਰ ਜ਼ੀਰਾ ਨੂੰ ਇਕ ਸ਼ਿਕਾਇਤ ਕੀਤੀ ਹੋਈ ਹੈ | ਇਸ ਸੰਬੰਧ ਵਿਚ ਮਹਿਕਮੇ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਲੈਣ ਲਈ ਉਹ ਅਕਸਰ ਹੀ ਦਫਤਰ ਵਿਖੇ ਜਾਂਦਾ ਰਹਿੰਦਾ ਹੈ, ਪਰ ਇਸ ਦੌਰਾਨ ਸਹਾਇਕ ਰਜਿਸਟਰਾਰ ਆਪਣੇ ਦਫਤਰ ਵਿਖੇ ਡਿਊਟੀ 'ਤੇ ਹਾਜ਼ਰ ਨਹੀਂ ਮਿਲਦੇ | ਜੋਬਨ ਸਿੰਘ ਨੇ ਦੱਸਿਆ ਕਿ ਸਹਾਇਕ ਰਜਿਸਟਰਾਰ ਸੁਖਜੀਤ ਸਿੰਘ ਕੋਲ ਖਡੂਰ ਸਾਹਿਬ ਦਾ ਵੀ ਵਾਧੂ ਚਾਰਜ ਹੈ | ਜਿਸ ਕਰਕੇ ਦਫਤਰ ਨਾਲ ਸੰਬੰਧਿਤ ਕੰਮ ਕਾਰ ਕਰਵਾਉਣ ਵਾਲਿਆਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ | ਇਸ ਸਬੰਧ ਵਿਚ ਜਦੋਂ ਜੋਬਨ ਸਿੰਘ ਵੱਲੋਂ ਦਫਤਰ ਬੁਲਾਇਆ ਤਾਂ ਸਹਾਇਕ ਰਜਿਸਟਰਾਰ ਦੇ ਦਫਤਰ ਦੀ ਸੀਟ ਖਾਲੀ ਪਈ ਸੀ | ਦਫਤਰ ਦੇ ਕਲਰਕ ਪਾਸੋਂ ਪੁੱਛੇ ਜਾਣ 'ਤੇ ਉਸ ਨੇ ਦੱਸਿਆ ਕਿ ਸਹਾਇਕ ਰਜਿਸਟਰਾਰ ਸੁਖਜੀਤ ਸਿੰਘ ਅੱਜ ਛੁੱਟੀ 'ਤੇ ਹਨ | ਜਦੋਂ ਉਸ ਕੋਲੋਂ ਹਾਜ਼ਰੀ ਰਜਿਸਟਰ ਵਿਖਾਉਣ ਦੀ ਮੰਗ ਕੀਤੀ ਤਾਂ ਉਸ ਨੇ ਦੱਸਿਆ ਕਿ ਹਾਜ਼ਰੀ ਰਜਿਸਟਰ ਸੁਪਰਡੈਂਟ ਮੈਡਮ ਕੋਲ ਹੈ | ਜਦੋਂ ਸੁਪਰਡੈਂਟ ਮੈਡਮ ਕੋਲੋਂ ਹਾਜ਼ਰੀ ਰਜਿਸਟਰ ਵਿਖਾਉਣ ਦੀ ਮੰਗ ਕੀਤੀ ਤਾਂ ਉਸ ਨੇ ਕਿਹਾ ਕਿ ਹਾਜ਼ਰੀ ਰਜਿਸਟਰ ਉਪਰੋਕਤ ਕਲਰਕ ਕੋਲ ਹੈ | ਜਦੋਂ ਕਲਰਕ ਅਤੇ ਸੁਪਰਡੈਂਟ ਮੈਡਮ ਨੂੰ ਆਹਮੋ-ਸਾਹਮਣੇ ਕੀਤਾ ਗਿਆ ਤਾਂ ਦੋਵੇਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ | ਇਸੇ ਦੌਰਾਨ ਜਦੋਂ ਸਹਾਇਕ ਰਜਿਸਟਰਾਰ ਸੁਖਜੀਤ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ | ਜਦੋਂ ਕਲਰਕ ਨੇ ਆਪਣੇ ਫੋਨ ਤੇ ਸਹਾਇਕ ਰਜਿਸਟਰਾਰ ਨਾਲ ਫੋਨ ਤੇ ਗੱਲ ਕਰਵਾਈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਅੱਜ ਖਡੂਰ ਸਾਹਿਬ ਵਿਖੇ ਕਿਸੇ ਜ਼ਰੂਰੀ ਮੀਟਿੰਗ 'ਤੇ ਗਿਆ ਹੋਇਆ ਹਾਂ | ਜਦੋਂ ਉਹਨਾਂ ਨੂੰ ਮੀਟਿੰਗ ਸਬੰਧੀ ਉੱਚ ਅਧਿਕਾਰੀਆਂ ਵਲੋਂ ਜਾਰੀ ਪੱਤਰ ਦੀ ਮੰਗ ਕੀਤੀ ਗਈ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ |