ਗੁਰੂਹਰਸਹਾਏ, 24 ਅਪ੍ਰੈਲ(ਕਪਿਲ ਕੰਧਾਰੀ)-ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸਵਿੰਦਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਗੁਰੂਹਰਸਹਾਏ ਡਾ.ਕਰਨਵੀਰ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਲੱਮ ਏਰੀਆ ਇੰਦਰਾ ਕਾਲੋਨੀ ਵਿਚ ਡੇਂਗੂ, ਮਲੇਰੀਆ ਤੋਂ ਕਿਵੇਂ ਬਚਿਆ ਜਾ ਸਕੇ ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਇਸ ਮੌਕੇ ਮਜੂਦ ਲੋਕਾਂ ਨੂੰ ਮਲਟੀਪਰਪਜ਼ ਹੈਲਥ ਵਰਕਰ ਗੁਰਮੀਤ ਸਿੰਘ ਦੁਆਰਾ ਡੇਂਗੂ, ਮਲੇਰੀਆ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਉਨ੍ਹਾਂ ਨੇ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਹ ਮੱਛਰ ਸਾਫ ਪਾਣੀ ਜਿਵੇਂ ਕਿ ਕੂਲਰ,ਪਾਣੀ ਵਾਲੀ ਟੈਂਕੀ,ਟਾਇਰ,ਗਮਲੇ,ਫ਼ਰਿਜਾਂ ਦੀਆਂ ਟਰੇਆਂ ਆਦਿ ਵਿਚ ਪਲਦਾ ਹੈ ਜਿਹੜਾ ਕਿ ਦਿਨ ਵੇਲੇ ਕੱਟਦਾ ਹੈ |ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ ,ਸਿਰ ਦਰਦ,ਅੱਖਾਂ ਪਿੱਛੇ ਦਰਦ,ਜੋੜਾਂ ਅਤੇ ਮਾਸ ਪੇਸ਼ੀਆਂ ਵਿਚ ਦਰਦ,ਸਰੀਰ ਤੇ ਲਾਲ ਰੰਗ ਦੇ ਦਾਣੇ ਹੋਣ ਤਾਂ ਡੇਂਗੂ ਦਾ ਸੈਂਪਲ ਸਾਰੇ ਸਰਕਾਰੀ ਹਸਪਤਾਲਾਂ ਵਿਚ ਲਿਆ ਜਾਂਦਾ ਹੈ |ਇਸ ਦੇ ਇਲਾਜ ਲਈ ਸੁਪੋਰਟਿਵ ਟਰੀਟਮੈਂਟ ਮੁਫ਼ਤ ਮੁਹੱਈਆ ਕੀਤਾ ਜਾਂਦਾ ਹੈ | ਉਨ੍ਹਾਂ ਨੇ ਇਸ ਦੇ ਬਚਾਅ ਸਬੰਧੀ ਵੀ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ |ਇਸ ਮੌਕੇ ਪੈਂਫਲੈਟ ਵੀ ਵੰਡੇ ਗਏ | ਇਸ ਤੋਂ ਇਲਾਵਾ ਹੀਟ ਵੇਵ ਤੋਂ ਬਚਣ ਲਈ ਵੱਧ ਤੋਂ ਵੱਧ ਦਰਖ਼ਤ ਲਗਾਉਣ ਲਈ ਵੀ ਪ੍ਰੇਰਿਤ ਕੀਤਾ |