ਜ਼ੀਰਾ, 24 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਕੇਂਦਰ ਅਤੇ ਸੂਬਾ ਸਰਕਾਰ ਵਲੋਂ ਖਾਦ-ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਮੁਸ਼ਕਲਾਂ ਵੱਲ ਕੋਈ ਧਿਆਨ ਨਾ ਦੇਣ ਦੇ ਰੋਸ ਵਜੋਂ ਆਲ ਇੰਡੀਆ ਐਗਰੋ ਡੀਲਰ ਐਸੋਸੀਏਸ਼ਨ ਵਲੋਂ 27 ਅਪ੍ਰੈਲ ਸੋਮਵਾਰ ਨੂੰ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਰੱਖ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜ਼ੀਰਾ ਵਿਖੇ ਇਸ ਹੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਪੈਸਟੀਸਾਈਡ ਯੂਨੀਅਨ ਜ਼ੀਰਾ ਦੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਖਾਦ ਦੇ ਨਾਲ ਹੋਰ ਬੇਲੋੜੀ ਸਮਗਰੀ ਨੂੰ ਬੰਦ ਕੀਤਾ ਜਾਵੇ ਖਾਦਾਂ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ,ਪਰਚੂਨ ਦੁਕਾਨਦਾਰਾਂ ਤੱਕ ਮੁਹੱਈਆ ਕਰਵਾਈਆਂ ਜਾਣ, ਡੀਲਰ ਲਈ ਖਾਦ ਦੇ ਮਾਰਜਿਨ ਵਿਚ ਵਾਧਾ ਕੀਤਾ ਜਾਵੇ ਖਾਦ ਦੀ ਵਿੱਕਰੀ ਲਈ ਲਿਆਂਦੀ ਜਾ ਰਹੀ ਈ- ਟੋਕਨ ਪ੍ਰਨਾਲੀ ਬੰਦ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ 'ਤੇ ਰੱਖਿਆ ਜਾਵੇ ਆਦਿ ਮੰਗਾਂ ਹਨ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਇਲਾਵਾ ਪੂਰੇ ਪੰਜਾਬ ਵਿਚ ਪੈਸਟੀਸਾਈਡ ਯੂਨੀਅਨ ਵਲੋਂ ਕੀਤੇ ਜਾ ਰਹੇ ਬੰਦ ਪ੍ਰਤੀ ਭਰਵਾਂ ਸਹਿਯੋਗ ਮਿਲ ਰਿਹਾ ਹੈ | ਐਸੋਸੀਏਸ਼ਨ ਦੇ ਆਗੂਆਂ ਨੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਹੈ ਕਿ 27 ਅਪ੍ਰੈਲ ਨੂੰ ਆਪਣੇ ਕਾਰੋਬਾਰ ਬੰਦ ਕਰਕੇ ਮੁਕੰਮਲ ਤੌਰ 'ਤੇ ਹੜਤਾਲ ਨੂੰ ਕਾਮਯਾਬ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਇਸ ਤੋਂ ਬਾਅਦ ਵੱਡੇ ਐਕਸ਼ਨ ਉਲੀਕੇ ਜਾਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਸਲਾਹਕਾਰ ਹਰਿੰਦਰ ਸਿੰਘ ਛਾਬੜਾ, ਸੈਕਟਰੀ ਦਵਿੰਦਰ ਕੁਮਾਰ ਨੰਦਾ, ਸਰਪ੍ਰਸਤ ਹਾਕਮ ਸਿੰਘ ਅਰੋੜਾ, ਮੀਤ ਪ੍ਰਧਾਨ ਮਨਦੀਪ ਸਿੰਘ ਸਰਾਂ, ਪੂਰਨ ਸਿੰਘ ਅਰੋੜਾ ਖ਼ਜ਼ਾਨਚੀ ਅਤੇ ਹੋਰ ਆਗੂ ਮੌਜੂਦ ਸਨ |