ਮੁੱਦਕੀ, 24 ਅਪ੍ਰੈਲ (ਭੁਪਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਹੁੰਦੀ ਬੇਹੁਰਮਤੀ ਨੂੰ ਨਾ ਸਹਾਰਦੇ ਹੋਏ ਭਾਈ ਗੁਰਜੀਤ ਸਿੰਘ ਨੇ ਸਮਾਣਾ ਟਾਵਰ 'ਤੋਂ ਨਾਂ ਉੱਤਰਨ ਦੀ ਆਪਣੀ ਕਹੀ ਗੱਲ 'ਤੇ ਉਦੋਂ ਤੱਕ ਪਹਿਰਾ ਦਿੱਤਾ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਕਾਨੂੰਨ ਨਹੀਂ ਬਣ ਗਿਆ | ਅੱਜ ਭਾਈ ਗੁਰਜੀਤ ਸਿੰਘ ਦੇ 560 ਦਿਨਾਂ ਦੇ ਲੰਮੇ ਸੰਘਰਸ਼ ਨੂੰ ਉਸ ਵੇਲੇ ਬੂਰ ਪਿਆ, ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਬੇਅਦਬੀ ਸੋਧ ਬਿੱਲ ਨੂੰ ਪਾਸ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਲੋਹਾਮ ਦੇ ਉੱਦਮੀ ਨੌਜਵਾਨ ਸਰਪੰਚ ਲਖਵੀਰ ਸਿੰਘ ਬਾਵਾ ਸਰਪੰਚ ਅਤੇ ਜਵਾਹਰ ਸਿੰਘ ਵਾਲਾ ਦੇ ਸਾਹਿੱਤ ਪੇ੍ਰਮੀ ਮਾਸਟਰ ਪਿਆਰਾ ਸਿੰਘ ਨੇ ਇੱਥੇ ਕੀਤਾ | ਉਨ੍ਹਾਂ ਕਿਹਾ ਕਿ ਬਿਨਾ ਕਿਸੇ ਆਪਣੇ ਨਿੱਜੀ ਮੁਫ਼ਾਦ(ਲਾਲਚ) ਦੇ 4 ਫੁੱਟ ਦੀ ਜਗ੍ਹਾ ਜਿਸ ਦੀ ਉਚਾਈ 400 ਫੁੱਟ ਦੇ ਕਰੀਬ ਹੋਵੇ, 560 ਦਿਨ ਸੰਘਰਸ਼ ਕਰਕੇ ਬਹਿਣਾ ਕਿਸੇ ਸੂਰਮਗਤੀ ਤੋਂ ਘੱਟ ਨਹੀਂ | ਸਿੱਖ ਸੰਗਤ ਵਲੋਂ ਭਾਈ ਗੁਰਜੀਤ ਸਿੰਘ ਦੇ ਕੀਤੇ ਜਾ ਰਹੇ ਇਸਤਕਬਾਲ (ਸੁਆਗਤ) ਦੀ ਭਰਪੂਰ ਪ੍ਰਸ਼ੰਸਾਂ ਕਰਦਿਆਂ ਕਿਹਾ ਕਿ ਇਹ ਇੱਕ ਯੋਧੇ ਦਾ ਕੰਮ ਹੈ | ਉਕਤ ਆਗੂਆਂ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਵਲੋਂ ਬੇਅਦਬੀ ਸਬੰਧੀ ਕਾਨੂੰਨ ਬਣਾਉਣ ਤੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ |