ਮੱਲਾਂਵਾਲਾ, 24 ਅਪ੍ਰੈਲ (ਗੁਰਦੇਵ ਸਿੰਘ)-ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਦਾ ਕੰਮ ਲਗਭਗ ਮੁਕੰਮਲ ਹੋਣ ਕਿਨਾਰੇ ਹੈ | ਇਸ ਸਮੇਂ ਅਨਾਜ ਮੰਡੀ ਵਿਚ ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਚਾਰੇ ਪਾਸੇ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਕਿਸਾਨ ਨੂੰ ਜਿੱਥੇ ਫ਼ਸਲ ਸੁੱਟਣ 'ਚ ਮੁਸ਼ਕਿਲ ਆ ਰਹੀ ਹੈ ਉੱਥੇ ਖੁੱਲ੍ਹੇ ਅਸਮਾਨ ਹੇਠ ਲੱਗੀਆਂ ਬੋਰੀਆਂ ਦੇ ਚੱਕੇ ਤੇ ਅੰਬਾਰ ਕਿਸੇ ਵੀ ਸਮੇਂ ਮੌਸਮ 'ਚ ਆਈ ਕਰਵੱਟ ਨਾਲ ਖ਼ਰਾਬ ਹੋ ਸਕਦੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਬਲਦੇਵ ਸਿੰਘ ਟੁਰਨਾ, ਕਾਹਨ ਚੰਦ ਨੇ ਦੱਸਿਆ ਕਿ ਅਨਾਜ ਮੰਡੀ ਮੱਲਾਂਵਾਲਾ 'ਚ ਲਿਫ਼ਟਿੰਗ ਦੀ ਢਿੱਲੀ ਰਫ਼ਤਾਰ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਜਿਸ ਕਾਰਨ ਜਿੱਥੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮਜ਼ਦੂਰ ਵਰਗ ਵਿਹਲੇ ਬੈਠਣ ਲਈ ਮਜਬੂਰ ਹਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਲਿਫ਼ਟਿੰਗ ਦੇ ਕੰਮ ਵਿਚ ਜੇਕਰ ਦੇਰੀ ਹੋਣ ਕਾਰਨ ਕਣਕ ਦੀਆਂ ਬੋਰੀਆਂ ਦਾ ਵਜ਼ਨ ਘਟਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਆੜ੍ਹਤੀ ਨਹੀਂ ਹੋਣਗੇ ਅਤੇ ਨਾ ਹੀ ਉਹ ਕੋਈ ਸੋਰਟੇਜ਼ ਦੇਣਗੇ | ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਪਾਸੇ ਧਿਆਨ ਦੇ ਕੇ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਵੀ ਉਨ੍ਹਾਂ ਦੀ ਮਿਹਨਤ ਜਲਦੀ ਮਿਲੇ ਤੇ ਆੜ੍ਹਤੀਆ ਵੀ ਆਪਣੀ ਜ਼ਿੰਮੇਵਾਰੀ ਤੋਂ ਜਲਦੀ ਫ਼ਾਰਗ ਹੋ ਸਕੇ |