ਖੋਸਾ ਦਲ ਸਿੰਘ, 25 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਪਿੰਡ ਖੋਸਾ ਦਲ ਸਿੰਘ ਵਿਖੇ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਦੇਵ ਸਿੰਘ ਮਰੂੜ, ਪ੍ਰੈੱਸ ਸਕੱਤਰ ਛਿੰਦਰ ਸਿੰਘ ਹਰਦਾਸਾ, ਬਲਾਕ ਪ੍ਰਧਾਨ ਬਹਾਦਰ ਸਿੰਘ ਖੋਸਾ ਅਤੇ ਜ਼ਿਲ੍ਹਾ ਮੈਂਬਰ ਸਰਵਨ ਸਿੰਘ ਖੋਸਾ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਅਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਗੋਗੋਆਣੀ (ਜੋ ਇਸ ਵੇਲੇ ਮੋਗਾ ਜੇਲ੍ਹ ਵਿਚ ਹੈ) ਨੇ ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਤੋਂ ਦੋ ਟਰੈਕਟਰ ਕਿਰਾਏ 'ਤੇ ਲੈ ਕੇ ਅੱਗੇ ਵੇਚ ਦਿੱਤੇ ਸਨ | ਇਸ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਟਰੈਕਟਰ ਬਰਾਮਦ ਕਰਕੇ ਕਿਸਾਨਾਂ ਨੂੰ ਵਾਪਸ ਕਰਵਾ ਦਿੱਤੇ ਹਨ | ਇਸ ਸਬੰਧੀ ਥਾਣਾ ਕੋਟ ਈਸੇ ਖਾਂ ਵਿਖੇ ਐੱਫ.ਆਈ.ਆਰ ਨੰਬਰ 59/2026 ਵੀ ਦਰਜ ਕੀਤੀ ਗਈ ਹੈ | ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਕਿਸਾਨ ਜਿਨ੍ਹਾਂ ਕਿਸਾਨਾਂ ਦੇ ਟਰੈਕਟਰ ਜਾਂ ਟਰਾਲੀਆਂ ਕਿਰਾਏ 'ਤੇ ਲੈ ਕੇ ਅੱਗੇ ਵੇਚ ਦਿੱਤੀਆਂ ਗਈਆਂ ਹਨ | ਉਹ ਸਾਰੇ ਕਿਸਾਨ 27 ਅਪ੍ਰੈਲ 2026 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਦਾਣਾ ਮੰਡੀ ਖੋਸਾ ਦਲ ਸਿੰਘ ਵਿਖੇ ਇਕੱਠੇ ਹੋਣ | ਆਗੂਆਂ ਨੇ ਕਿਹਾ ਕਿ ਉੱਥੇ ਪਹੁੰਚ ਕੇ ਵਕੀਲ ਰਾਹੀਂ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ ਤਾਂ ਜੋ ਬਾਕੀ ਰਹਿੰਦੇ ਟਰੈਕਟਰ ਅਤੇ ਟਰਾਲੀਆਂ ਵੀ ਵਾਪਸ ਕਰਵਾਈਆਂ ਜਾ ਸਕਣ | ਉਨ੍ਹਾਂ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਚੁੱਕੀ ਹੈ ਅਤੇ ਵੱਖ ਵੱਖ ਢੰਗ ਤਰੀਕਿਆਂ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ | ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਗੁਰਮੇਜ ਸਿੰਘ, ਸੁਖਦੇਵ ਸਿੰਘ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ |