10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਆਪ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਠੁੱਸ

Ad Position 21
No active advertisement
ਜਾਣਕਾਰੀ ਦਿੰਦਾ ਹੋਇਆ ਵਿਕਾਸ ਕੁਮਾਰ ਅਤੇ ਬਿਨਾਂ ਬਿਜਲੀ ਤੋਂ ਬੈਠੇ ਹੋਏ ਦੁਕਾਨਦਾਰ | ਅਜੀਤ ਤਸਵੀਰ <br/> 26-04-2026
ਫ਼ਿਰੋਜ਼ਪੁਰ, 25 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ 600 ਯੂਨਿਟ ਫ਼ਰੀ ਦੇ ਕੇ ਬੜੀ ਵਾਹ ਵਾਹ ਖੱਟੀ ਜਾ ਰਹੀ ਹੈ ਪਰ ਦੁਕਾਨਦਾਰਾਂ ਦਾ ਨੁਕਸਾਨ ਵੱਡੇ ਪੱਧਰ 'ਤੇ ਹੋ ਰਿਹਾ ਹੈ | ਇੱਥੇ ਦੱਸਣਾ ਅਹਿਮ ਹੈ ਕਿ ਵਿਭਾਗ ਵਲੋਂ ਰਿਪੇਅਰ ਲਈ ਸਰਦੀ ਦੇ ਮੌਸਮ ਵਿਚ ਵੀ ਕੱਟ ਲਗਾਏ ਗਏ ਸਨ, ਪਰ ਹੁਣ ਫਿਰ ਅਜਿਹਾ ਹੋਣ ਕਰਕੇ ਵੱਡੇ ਪੱਧਰ ਤੇ ਛੋਟੇ ਵਪਾਰੀ ਵਰਗ ਤੇ ਦੁਕਾਨਦਾਰ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਉਂਕਿ ਉਸ ਨੂੰ ਮਜਬੂਰੀ ਵੱਸ ਮਹਿੰਗੇ ਮੁੱਲ ਦਾ ਡੀਜ਼ਲ ਫ਼ੂਕ ਕੇ ਆਪਣੇ ਕਾਰੋਬਾਰ ਨੂੰ ਚਲਾਉਣਾ ਪੈ ਰਿਹਾ ਹੈ | ਇੱਥੇ ਦੱਸਣਾ ਅਹਿਮ ਹੈ ਕਿ ਸੂਬਾ ਸਰਕਾਰ ਨੇ ਜੋ ਬਿਜਲੀ ਦੇ 2 ਮਹੀਨਿਆਂ ਅੰਦਰ 600 ਯੂਨਿਟ ਤੱਕ ਬਿਜਲੀ ਮਾਫ਼ ਕੀਤੀ ਹੈ ਉਹ ਸਿਰਫ਼ ਰਿਹਾਇਸ਼ੀ ਇਲਾਕੇ ਵਿਚ ਲਾਗੂ ਹੈ ਨਾ ਕਿ ਵਪਾਰੀ ਵਰਗ ਨੂੰ ਜਿਸ ਕਰਕੇ ਵਪਾਰੀ ਵਰਗ ਤਾਂ ਪਹਿਲਾਂ ਹੀ ਸੂਬਾ ਸਰਕਾਰ ਦੀ ਕੂਟ ਨੀਤੀ ਤੋਂ ਪ੍ਰੇਸ਼ਾਨ ਹੈ | ਇਸਦੇ ਚੱਲਦੇ ਬਿਜਲੀ ਵਿਭਾਗ ਵਲੋਂ ਲਗਾਏ ਜਾਂਦੇ ਬੇਲੋੜੇ ਤੇ ਅਣ ਐਲਾਨੇ ਕੱਟਾਂ ਤੋਂ ਜਿੱਥੇ ਵਪਾਰੀ ਵਰਗ ਪ੍ਰੇਸ਼ਾਨ ਹੈ, ਉੱਥੇ ਘਰ ਅੰਦਰ ਰਹਿੰਦੀਆਂ ਮਹਿਲਾਵਾਂ ਤੇ ਛੋਟੇ ਬੱਚਿਆਂ ਦਾ ਰਹਿਣਾ ਵੀ ਮੁਸ਼ਕਲ ਹੋ ਚੁੱਕਿਆ ਹੈ | ਦੁਕਾਨਦਾਰ ਵਿਕਾਸ ਕੁਮਾਰ, ਰੌਬਿਨ ਚੋਪੜਾ, ਕਸ਼ਮੀਰੀ ਲਾਲ ਤੇ ਪਿ੍ੰਸ ਵਾਲੀਆ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਆਉਣ ਕਰਕੇ ਸਾਰਾ ਕੰਮਕਾਜ ਬਿਜਲੀ ਸਪਲਾਈ ਤੇ ਨਿਰਭਰ ਹੋ ਚੁੱਕਿਆ ਹੈ, ਪਰ ਬਿਜਲੀ ਬੰਦ ਹੋਣ ਕਰਕੇ ਸਾਰਾ ਕੰਮਕਾਜ ਠੱਪ ਹੋ ਜਾਂਦਾ ਹੈ ਤੇ ਇਸ ਦਾ ਜ਼ਿਆਦਾ ਅਸਰ ਮੱਧ ਵਰਗ ਦੇ ਵਪਾਰੀ ਤੇ ਦੇਖਣ ਨੂੰ ਮਿਲਦਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਮੁਲਾਜ਼ਮਾਂ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਹੈ, ਪਰ ਉਸ ਦਿਨ ਬਿਜਲੀ ਵਿਭਾਗ ਵਲੋਂ ਬਿਜਲੀ ਸਪਲਾਈ ਨੂੰ ਕੱਟ ਲਗਾਉਣਾ ਯਾਦ ਆ ਜਾਂਦਾ ਹੈ | ਜਿਸ ਨਾਲ ਵਪਾਰ ਦਾ ਬਹੁਤ ਨੁਕਸਾਨ ਹੁੰਦਾ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਜਿਹੜੇ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਕੀਤੀ ਜਾਂਦੀ ਹੈ, ਉਨ੍ਹਾਂ ਅਧੀਨ ਬਾਜ਼ਾਰ ਦੇ ਦੁਕਾਨਦਾਰ ਤੇ ਮੁਹੱਲੇ ਅੰਦਰ ਛੋਟੇ ਛੋਟੇ ਦੁਕਾਨਦਾਰ ਵੀ ਆਉਂਦੇ ਹਨ | ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਜੇਬ ਝੱਲਦੀ ਹੈ, ਉਹ ਮਹਿੰਗੇ ਮੁੱਲ ਦਾ ਡੀਜ਼ਲ ਫ਼ੂਕ ਕੇ ਕਾਰੋਬਾਰ ਚਲਾ ਰਹੇ ਹਨ | ਦੁਕਾਨਦਾਰਾਂ ਨੇ ਅੱਗੇ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਦਿਨਾਂ ਵਿਚ ਵੀ ਬਿਜਲੀ ਵਿਭਾਗ ਵਲੋਂ ਇਸੇ ਤਰ੍ਹਾਂ ਸਪਲਾਈ ਸਵੇਰ ਤੋਂ ਸ਼ਾਮ ਤੱਕ ਬੰਦ ਕੀਤੀ ਗਈ ਸੀ ਪਰ ਦੇਰ ਸ਼ਾਮ ਤੱਕ ਸਪਲਾਈ ਚਲਾਈ ਨਹੀਂ ਗਈ ਜਿਸ ਨਾਲ ਬਹੁਤ ਨੁਕਸਾਨ ਹੋਇਆ ਸੀ | ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਬਿਜਲੀ ਸਬੰਧੀ ਮੁਸ਼ਕਲਾਂ ਬਾਰੇ ਜਦ ਵਪਾਰ ਮੰਡਲ ਦੇ ਆਗੂਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਸਦਕਾ ਵਪਾਰੀ ਵਰਗ ਬਹੁਤ ਦੁੱਖੀ ਹੋ ਚੁੱਕਿਆ ਹੈ | ਕਿਉਂਕਿ ਬਿਜਲੀ ਵਿਭਾਗ ਆਏ ਦਿਨ ਰਿਪੇਅਰ ਦਾ ਬਹਾਨਾ ਲਗਾ ਕੇ ਕੱਟ ਲਗਾ ਦਿੰਦੇ ਹਨ | ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਬੇਲੋੜੇ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣ, ਨਹੀਂ ਤਾਂ ਵਪਾਰੀ ਵਰਗ ਧਰਨਾ ਦੇਣ ਲਈ ਮਜਬੂਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਕਰਮਚਾਰੀਆਂ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ ਅਗਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦਾ ਢਾਂਚਾ ਮੁੜ ਬਹਾਲ
Ad Position 24