ਫ਼ਿਰੋਜ਼ਪੁਰ, 25 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਮਲੇਰੀਆ ਟੀਮ ਵਲੋਂ ਵਿਸ਼ਵ ਮਲੇਰੀਆ ਦਿਵਸ ਮਾਲਵਾ ਖ਼ਾਲਸਾ ਸਕੂਲ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ | ਜਿਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਨੂੰ ਮਲੇਰੀਆ ਅਤੇ ਡੇਗੂ ਦੇ ਲੱਛਣ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ | ਏ.ਐੱਮ.ਓ ਵਲੋਂ ਦੱਸਿਆ ਗਿਆ ਕਿ ਮਲੇਰੀਆ ਦਾ ਮੱਛਰ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਕਰਕੇ ਆਪਣੇ ਆਲ਼ੇ ਦੁਆਲੇ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ, ਘਰਾਂ ਵਿਚ ਫ਼ਰਿਜ ਦੀ ਬੈਂਕ ਸਾਈਡ ਤੇ ਲੱਗੀ ਵੈਸਟ ਪਾਣੀ ਦੀ ਟਰੇਅ ਨੂੰ ਹਫ਼ਤੇ ਵਿਚ ਇੱਕ ਵਾਰ ਜ਼ਰੂਰ ਸਾਫ਼ ਕੀਤਾ ਜਾਵੇ, ਹਵਾਦਾਰ ਕੂਲਰਾਂ ਦੀ ਸਫ਼ਾਈ ਹਫ਼ਤੇ ਵਿਚ ਇੱਕ ਵਾਰ ਜ਼ਰੂਰ ਕੀਤੀ ਜਾਵੇ, ਮੱਛਰ ਭਜਾਉਣ ਵਾਲੀਆਂ ਅਗਰਬੱਤੀਆਂ ਤੇ ਸਰੀਰ ਤੇ ਲਗਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਬੁਖ਼ਾਰ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਤੋਂ ਖ਼ੂਨ ਦੀ ਜਾਂਚ ਕਰਵਾਈ ਜਾਵੇ ਅਤੇ ਪਾਜ਼ੀਟਿਵ ਆਉਣ ਤੇ ਮਲੇਰੀਆ ਦੀ ਦਵਾਈ ਲਈ ਜਾਵੇ, ਜੋ ਸਰਕਾਰੀ ਸਿਹਤ ਸੰਸਥਾਵਾਂ ਤੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ | ਸਿਹਤ ਟੀਮ ਨੇ ਅੱਗੇ ਦੱਸਿਆ ਕਿ ਅਜਿਹੇ ਛੋਟੀਆਂ ਸਾਵਧਾਨੀਆਂ ਕਰਕੇ ਮਲੇਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਮੈਂਬਰ ਕੰਵਲਜੀਤ ਸਿੰਘ ਏ.ਐੱਮ.ਓ ਰਮਨ ਕੁਮਾਰ, ਰਾਕੇਸ਼ ਕੰਬੋਜ ਅਤੇ ਮਾਲਵਾ ਖ਼ਾਲਸਾ ਸਕੂਲ ਦੇ ਟੀਚਰ ਵੀ ਹਾਜ਼ਰ ਸਨ |