ਮੱਖੂ, 25 ਅਪ੍ਰੈਲ (ਵਰਿੰਦਰ ਮਨਚੰਦਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਅਤੇ ਉਨ੍ਹਾਂ ਦੀ ਮਿਹਨਤ ਦਾ ਜਾਇਜ਼ ਮੁੱਲ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਪ੍ਰਗਟਾਵਾ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵੀਰਪਾਲ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਮੱਖੂ ਅਧੀਨ ਆਉਂਦੀਆਂ ਮੰਡੀਆਂ 'ਚ ਕੱਲ੍ਹ ਸ਼ਾਮ ਤੱਕ ਪਨਸਪ ਵਲੋਂ 212479 ਕੁਇੰਟਲ, ਪਨਗਰੇਨ ਵਲੋਂ 42410, ਮਾਰਕਫੈੱਡ ਵਲੋਂ 148920 ਅਤੇ ਵੇਅਰ ਹਾਊਸ ਵਲੋਂ 133920 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਖ਼ਰੀਦੀ ਗਈ ਕਣਕ ਵਿਚੋਂ 90 ਹਜ਼ਾਰ ਕੁਇੰਟਲ ਕਣਕ ਦੀ ਲਿਫ਼ਟਿੰਗ ਮੁਕੰਮਲ ਕਰ ਲਈ ਗਈ ਹੈ | ਚੇਅਰਮੈਨ ਵੀਰਪਾਲ ਨੇ ਦੱਸਿਆ ਕਿ ਦਾਣਾ ਮੰਡੀਆਂ 'ਚ ਲਿਫ਼ਟਿੰਗ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਪੇ੍ਰਸ਼ਾਨੀ ਨਹੀਂ ਆ ਰਹੀ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਰਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਮੱਖੂ, ਮਨਪ੍ਰੀਤ ਸਿੰਘ, ਹੀਰਾ ਸਿੰਘ ਅਤੇ ਹੋਰ ਮਾਰਕੀਟ ਕਮੇਟੀ ਮੱਖੂ ਦੇ ਕਰਮਚਾਰੀ ਹਾਜ਼ਰ ਸਨ |