ਫਿਰੋਜ਼ਪੁਰ 1 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲ ਮੰਡਲ ਵਲੋਂ ਪੰਜਾਬ ਰਾਜ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਅਨਾਜ ਦੀ ਸਪਲਾਈ ਨੂੰ ਨਿਰੰਤਰ ਅਤੇ ਸੁਚਾਰੂ ਬਣਾਈ ਰੱਖਣ ਲਈ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ¢ ਭਾਰਤੀ ਖ਼ੁਰਾਕ ਨਿਗਮ ਅਤੇ ਹੋਰ ਸਬੰਧਤ ਖ਼ੁਰਾਕ ਏਜੰਸੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ, ਮੰਡਲ ਵਲੋਂ ਉਨ੍ਹਾਂ ਦੀ ਮੰਗ ਅਨੁਸਾਰ ਪਹਿਲ ਦੇ ਆਧਾਰ 'ਤੇ ਮਾਲ ਗੱਡੀਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ | ਮੰਡਲ ਵਲੋਂ ਅਨਾਜ ਦੀ ਸੁਰੱਖਿਅਤ ਲੋਡਿੰਗ, ਤੇਜ਼ ਰਫ਼ਤਾਰ ਆਵਾਜਾਈ ਅਤੇ ਸੁਚਾਰੂ ਸੰਚਾਲਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਮਾਲ ਗੱਡੀਆਂ ਮਿਥੇ ਸਮੇਂ 'ਤੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ¢ ਇਸੇ ਲੜੀ ਤਹਿਤ ਫ਼ਿਰੋਜ਼ਪੁਰ ਮੰਡਲ ਨੇ 30 ਅਪ੍ਰੈਲ 2026 ਨੂੰ ਇਕੋ ਦਿਨ ਵਿਚ 13 ਮਾਲ ਗੱਡੀਆਂ ਦੀ ਲੋਡਿੰਗ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇਨ੍ਹਾਂ 13 ਮਾਲ ਗੱਡੀਆਂ ਵਿਚ ਕੁੱਲ 562 ਵੈਗਨਾਂ ਦੀ ਲੋਡਿੰਗ ਕੀਤੀ ਗਈ, ਜੋ ਕਿ ਮੰਡਲ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਹੈ | ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਭਾਰਤੀ ਖ਼ੁਰਾਕ ਨਿਗਮ ਵਲੋਂ ਕਣਕ ਅਤੇ ਚÏਲਾਂ ਦੀ ਲੋਡਿੰਗ ਕਰਕੇ ਵੱਖ-ਵੱਖ ਮੰਜ਼ਿਲਾਂ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਵਿਚ ਖ਼ਾਸਾ, ਜੰਡਿਆਲਾ, ਤਰਨਤਾਰਨ, ਪੱਟੀ, ਕਰਤਾਰਪੁਰ, ਬਟਾਲਾ, ਨਕੋਦਰ, ਬੰਗਾ, ਗੰਗਸਰ ਜੈਤੋ, ਨੂਰਮਹਿਲ, ਨਵਾਂਸ਼ਹਿਰ ਦੋਆਬਾ, ਅਜੀਤਵਾਲ ਅਤੇ ਕੋਟਕਪੂਰਾ ਹਨ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੇਸ਼ ਭਰ ਵਿਚ ਅਨਾਜ ਦੀ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਤਤਪਰਤਾ ਨਾਲ ਕੰਮ ਕਰਦਾ ਰਹੇਗਾ |