ਮੁੱਦਕੀ, 2 ਮਈ (ਭਾਰਤ ਭੂਸ਼ਨ ਅਗਰਵਾਲ)- ਬੁਲੇਟ ਮੋਟਰਸਾਈਕਲ 'ਚੋਂ ਪਟਾਕੇ ਅਤੇ ਗੋਲੀਆਂ ਵਾਂਗ ਨਿਕਲਣ ਵਾਲੀਆਂ ਆਵਾਜ਼ਾਂ ਤੋਂ ਸਥਾਨਕ ਕਸਬਾ ਵਾਸੀ ਡਾਢੇ ਪੇ੍ਰਸ਼ਾਨ ਹਨ, ਪਰ ਜ਼ਿਆਦਾ ਲੋਕ ਇਸ ਗੱਲ ਤੋਂ ਵੀ ਪੇ੍ਰਸ਼ਾਨ ਹਨ ਕਿ ਨਸ਼ਿਆਂ ਨੂੰ ਨੱਥ ਪਾਉਣ ਵਾਲੀ ਪੁਲਿਸ ਵੀ ਇਨ੍ਹਾਂ ਨੂੰ ਨੱਥ ਪਾਉਣ 'ਚ ਫ਼ੇਲ੍ਹ ਸਾਬਿਤ ਹੋਈ ਹੈ | ਮੀਡੀਆ 'ਚ ਖ਼ਬਰਾਂ ਛਪਣ ਤੋਂ ਬਾਅਦ ਪੁਲਿਸ ਥੋੜ੍ਹੇ ਸਮੇਂ ਲਈ ਹਰਕਤ 'ਚ ਆਉਂਦੀ ਹੈ, ਪਰ ਇਸ ਦਾ ਪ੍ਰਭਾਵ 2 ਜਾਂ 3 ਦਿਨ ਹੀ ਰਹਿੰਦਾ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਸ਼ਰਾਰਤੀ ਮਨਚਲੇ ਨੌਜਵਾਨਾਂ ਨੂੰ ਵੀ ਪੁਲਿਸ ਦਾ ਕੋਈ ਡਰ ਨਹੀਂ ਹੈ ਅਤੇ ਉਹ ਪੁਲਿਸ ਵਾਲਿਆਂ ਨੂੰ ਵੀ ਆਪਣੇ ਪਿਤਾ ਦੇ ਰਸੂਖ਼ ਦੀਆਂ ਧਮਕੀਆਂ ਵੀ ਦੇ ਦਿੰਦੇ ਹਨ | ਇਸ ਸਬੰਧੀ ਜਦ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੁਲੇਟ ਦੇ ਪਟਾਕੇ ਵਜਾਉਣ ਵਾਲੇ ਨੌਜਵਾਨ ਬੇਪ੍ਰਵਾਹ ਹੋ ਕੇ ਇਹ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਕਿਸੇ ਵੀ ਵੱਡੇ-ਛੋਟੇ ਦਾ ਕੋਈ ਵੀ ਡਰ ਨਹੀਂ ਹੁੰਦਾ, ਜਦੋਂ ਕਿ ਇਸ ਨਾਲ ਰਾਹਗੀਰਾਂ ਤੇ ਬਜ਼ੁਰਗਾਂ ਨੂੰ ਇਨ੍ਹਾਂ ਪਟਾਕਿਆਂ ਦੀ ਆਵਾਜ਼ ਨਾਲ ਹਾਰਟ ਅਟੈਕ ਵੀ ਹੋ ਸਕਦਾ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੁਲੇਟ ਮੋਟਰਸਾਈਕਲ 'ਚੋਂ ਨਿਕਲਣ ਵਾਲੀ ਆਵਾਜ਼ ਬਿਲਕੁਲ ਕਿਸੇ ਗੋਲੀ ਦੀ ਆਵਾਜ਼ ਵਾਂਗ ਹੁੰਦੀ ਹੈ | ਅਜਿਹੇ 'ਚ ਜੇਕਰ ਕੋਈ ਵਾਰਦਾਤ ਨੂੰ ਅੰਜਾਮ ਦੇ ਵੀ ਜਾਵੇ ਤਾਂ ਲੋਕ ਇਸ ਨੂੰ ਬੁਲੇਟ ਦੇ ਪਟਾਕਿਆਂ ਦੀ ਆਵਾਜ਼ ਹੀ ਸਮਝਣਗੇ ਤੇ ਵਾਰਦਾਤ ਦੇਣ ਵਾਲੇ ਆਸਾਨੀ ਨਾਲ ਫ਼ਰਾਰ ਹੋ ਸਕਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਹਰ ਬੁਲੇਟ ਮੋਟਰਸਾਈਕਲ ਦੀ ਜਾਂਚ ਕਰੇ ਤਾਂ ਇਸ ਨਾਲ ਲੋਕਾਂ 'ਚ ਪੁਲਿਸ ਦਾ ਡਰ ਬਣਿਆ ਰਹੇਗਾ ਅਤੇ ਇਸ ਸਮੱਸਿਆ ਦਾ ਹੱਲ ਵੀ ਹੋ ਸਕਦਾ ਹੈ |