ਫ਼ਿਰੋਜਪੁਰ, 3 ਮਈ (ਕੁਲਬੀਰ ਸਿੰਘ ਸੋਢੀ)-ਕਿਸਾਨਾਂ ਦੀਆਂ ਮੰਗਾਂ ਅਤੇ ਪਸ਼ੂ ਪਾਲਕ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਵਿਸ਼ੇਸ਼ ਮੀਟਿੰਗ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ | ਜਿਸ 'ਚ ਨੈਸਲੇ ਇੰਡੀਆ ਲਿਮਟਿਡ ਕੰਪਨੀ ਵਲੋਂ ਦੁੱਧ ਖ਼ਰੀਦ 'ਚ ਕਿਸਾਨਾਂ ਨਾਲ ਹੋ ਰਹੀਆਂ ਧਾਂਦਲੀਆਂ ਦਾ ਮਾਮਲਾ ਉਠਾਇਆ ਗਿਆ | ਬੀ.ਕੇ.ਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਕੇ.ਐੱਮ ਗੈਰ ਸਿਆਸੀ ਦੀ ਮੀਟਿੰਗ 'ਚ ਕਿਸਾਨਾਂ-ਮਜ਼ਦੂਰਾਂ ਦੀਆਂ ਲੰਬਿਤ ਮੰਗਾਂ ਅਤੇ ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੜੀਵਾਰ ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਫ਼ੈਸਲੇ ਅਨੁਸਾਰ 11 ਮਈ ਨੂੰ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ ਫ਼ਿਰੋਜ਼ਪੁਰ, 18 ਮਈ ਨੂੰ ਸੋਲਖੀਆਂ ਟੋਲ ਪਲਾਜ਼ਾ ਰੋਪੜ ਅਤੇ 29 ਮਈ ਨੂੰ ਖੁਈਆਂ ਟੋਲ ਪਲਾਜ਼ਾ ਡਬਵਾਲੀ (ਸਿਰਸਾ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂ ਪਾਲਕ ਕਿਸਾਨਾਂ ਦਾ ਪ੍ਰਾਈਵੇਟ ਦੁੱਧ ਖ਼ਰੀਦ ਕੰਪਨੀਆਂ ਵਲੋਂ ਹੋ ਰਹੇ ਸ਼ੋਸ਼ਣ ਦਾ ਮਾਮਲੇ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਅÏਲਖ ਨੇ ਕਿਹਾ ਕਿ ਨੈਸਲੇ ਇੰਡੀਆ ਲਿਮਿਟੇਡ ਕੰਪਨੀ ਦੇ ਕਹਿਣ 'ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਪਸ਼ੂ ਪਾਲਕ ਕਿਸਾਨਾਂ ਨੇ ਕਰੋੜਾਂ ਰੁਪਏ ਦੇ ਪਸ਼ੂ ਖ਼ਰੀਦੇ ਅਤੇ ਸ਼ੈੱਡ ਬਣਾਏ, ਪਰ ਹੁਣ ਕੰਪਨੀ ਵਲੋਂ ਛੋਟੇ ਅਤੇ ਵੱਡੇ ਕਿਸਾਨਾਂ ਤੋਂ ਦੁੱਧ ਨਾ ਖ਼ਰੀਦ ਕੇ ਠੇਕੇਦਾਰਾਂ ਤੋਂ ਕਮਿਸ਼ਨ ਦੇ ਚੱਕਰ ਵਿਚ ਲੱਖਾਂ ਲੀਟਰ ਦੁੱਧ ਖ਼ਰੀਦਿਆ ਜਾ ਰਿਹਾ ਹੈ | ਜੋ ਗਰੀਬ ਕਿਸਾਨਾਂ ਨਾਲ ਧੱਕੇਸ਼ਾਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਕੰਪਨੀ ਦੇ ਭਰੋਸੇ 'ਤੇ ਕਰੋੜਾਂ ਰੁਪਏ ਲਗਾ ਕੇ ਫਾਰਮ ਸ਼ੁਰੂ ਕੀਤੇ ਸਨ | ਉਹ ਅੱਜ ਕਰਜ਼ੇ ਵਿਚ ਡੁੱਬ ਚੁੱਕੇ ਹਨ ਅਤੇ ਕੰਪਨੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ | ਉਨ੍ਹਾਂ ਕਿਹਾ ਕਿ ਜੋ ਨੈਸਲੇ ਇੰਡੀਆ ਕੰਪਨੀ ਕਦੇ ਕੁਆਲਿਟੀ ਉਤਪਾਦਨ ਲਈ ਜਾਣੀ ਜਾਂਦੀ ਸੀ ਤੇ ਅੱਜ ਮੋਗਾ ਪਲਾਂਟ ਵਿਚ ਰੋਜ਼ਾਨਾ 15 ਤੋਂ 20 ਲੱਖ ਲੀਟਰ ਦੁੱਧ ਖ਼ਰੀਦਣ ਵਾਲੀ ਕੰਪਨੀ ਹੁਣ 4 ਤੋਂ 5 ਲੱਖ ਲੀਟਰ ਤੱਕ ਸਿਮਟ ਕੇ ਰਹਿ ਗਈ ਹੈ | ਉਨ੍ਹਾਂ ਪੰਜਾਬ ਦੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਮਿਲ ਕੇ ਨੈਸਲੇ ਇੰਡੀਆ ਲਿਮਿਟੇਡ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ, ਤਾਂ ਜੋ ਪਸ਼ੂ ਪਾਲਕ ਕਿਸਾਨਾਂ ਨੂੰ ਬਚਾਇਆ ਜਾ ਸਕੇ ਅਤੇ ਭਿ੍ਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋ ਸਕੇ | ਇਸ 'ਤੇ ਸਭ ਨੇ ਸਹਿਮਤੀ ਜਤਾਈ | ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨ, ਸਕੱਤਰ ਤੇ ਹੋਰ ਆਗੂ ਹਾਜ਼ਰ ਸਨ |