ਫਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਅਤੇ ਚੁਸਤ ਬਣਾਉਣ ਦੇ ਮੰਤਵ ਨਾਲ ਫ਼ੌਜ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੰਟਰੋਲ ਰੂਮ ਫਿਰੋਜ਼ਪੁਰ ਦੀ ਅਚਾਨਕ ਚੈਕਿੰਗ ਕੀਤੀ ਗਈ | ਇਸ ਦੌਰੇ ਦੌਰਾਨ ਉੱਚ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ, ਨਿਗਰਾਨੀ ਪ੍ਰਣਾਲੀ ਅਤੇ ਪੁਲਿਸ ਦੇ ਤੁਰੰਤ ਜਵਾਬੀ ਮਕੈਨਿਜ਼ਮ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਚੈਕਿੰਗ ਦੌਰਾਨ ਬਾਰਡਰ ਏਰੀਆ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਨਿਗਰਾਨੀ ਉਪਕਰਨਾਂ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਕੀਤੀ ਗਈ | ਅਧਿਕਾਰੀਆਂ ਨੇ ਕੈਮਰਿਆਂ ਰਾਹੀਂ ਹੋ ਰਹੀ ਮੋਨੀਟਰਿੰਗ, ਰਿਕਾਰਡਿੰਗ ਪ੍ਰਣਾਲੀ ਅਤੇ ਕੰਟਰੋਲ ਰੂਮ ਵਿਚ ਤਾਇਨਾਤ ਸਟਾਫ਼ ਦੀ ਸਾਵਧਾਨੀ ਦਾ ਮੁਲਾਂਕਣ ਕੀਤਾ | ਉਨ੍ਹਾਂ ਵਲੋਂ ਸੁਰੱਖਿਆ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ | ਉੱਚ ਅਧਿਕਾਰੀਆਂ ਨੇ ਡਿਊਟੀ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹਰ ਸਮੇਂ ਚੌਕਸ ਅਤੇ ਸਤਰਕ ਰਹਿਣ ਲਈ ਕਿਹਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਿਰੋਜ਼ਪੁਰ ਇਕ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਇੱਥੇ ਸੁਰੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਚੈਕਿੰਗ ਦਾ ਮੁੱਖ ਮਕਸਦ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ, ਸੰਵੇਦਨਸ਼ੀਲ ਥਾਵਾਂ 'ਤੇ ਨਿਗਰਾਨੀ ਵਧਾਉਣਾ ਅਤੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਸਮੇਂ ਸਿਰ ਰੋਕਣਾ ਸੀ | ਇਸ ਮੌਕੇ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਅਤੇ ਸੁਰੱਖਿਆ ਬਲ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਸਰਹੱਦੀ ਇਲਾਕਿਆਂ ਵਿਚ ਹਰ ਗਤੀਵਿਧੀ 'ਤੇ ਬਾਰੀਕੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ |