ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ
ਅਜੀਤ ਡੈਸਕ
10-05-2026
ਕੂੜੇ ਦੇ ਲੱਗੇ ਢੇਰ
ਮੱਖੂ, (ਵਰਿੰਦਰ ਮਨਚੰਦਾ)-ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਲੰਬਿਤ ਮੰਗਾਂ ਦੇ ਸਬੰਧ ਵਿਚ ਸ਼ੁਰੂ ਕੀਤੀ ਹੜਤਾਲ ਅੱਜ ਚੌਥੇ ਦਿਨ ਵਿਚ ਸ਼ਾਮਲ ਹੋ ਗਈ ਹੈ | ਇਸ ਮੌਕੇ ਉਨ੍ਹਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ ਹੈ, ਜਿਸ ਕਾਰਨ ਕਰਮਚਾਰੀਆਂ ਵਿਚ ਵਿਆਪਕ ਰੋਸ ਹੈ | ਪ੍ਰਧਾਨ ਰਾਜੂ ਮੇਟ ਨੇ ਕਿਹਾ ਕਿ ਨਗਰ ਪੰਚਾਇਤ ਵਿਚ ਵੱਡੀ ਗਿਣਤੀ 'ਚ ਕਰਮਚਾਰੀ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰਦੇ ਹਨ | ਇਨ੍ਹਾਂ ਵਿਚ ਸਫ਼ਾਈ ਸੇਵਕ, ਸਫ਼ਾਈ ਕਰਮਚਾਰੀ, ਇਲੈਕਟ੍ਰੀਸ਼ੀਅਨ, ਕੰਪਿਊਟਰ ਆਪਰੇਟਰ, ਕਲਰਕ, ਡਰਾਈਵਰ ਕਰਮਚਾਰੀ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਕੱਚੇ ਕਾਮੇ ਪੱਕੇ ਕਰਨ, ਘੱਟੋ-ਘੱਟ ਉਜਰਤ 40 ਹਜ਼ਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ | ਓਧਰ ਕਸਬਾ ਮੱਖੂ ਅੰਦਰ ਸਫ਼ਾਈ ਕੰਮ ਦਾ ਮੁਕੰਮਲ ਬਾਈਕਾਟ ਹੋਣ ਕਾਰਨ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ | ਇਸ ਹੀਰਾ ਸਿੰਘ ਇਲੈਕਟ੍ਰੀਸ਼ਨ, ਸਫ਼ਾਈ ਕਰਮਚਾਰੀ ਰਿਖੀ ਰਾਮ, ਸ਼ਾਂਤੀ, ਬਬਲੀ, ਕਮਲੇਸ਼, ਸੰਤੋਸ਼ ਰਾਣੀ, ਵੀਨਾ ਰਾਣੀ, ਵਿਜੇ ਕੁਮਾਰ, ਮੰਗਾ, ਗੁਲਾਬ, ਵਿਕੀ, ਸੰਮਾ, ਕੇਵਲ, ਟੋਨੀ, ਲਵ ਰਾਜ, ਨਾਨਕ, ਸੁਰਿੰਦਰ ਕੁਮਾਰ ਗੁੱਲੂ, ਰਾਜੂ, ਰਜਿੰਦਰ ਕੁਮਾਰ, ਮਨੋਜ ਕੁਮਾਰ, ਸ਼ੰਕਰ, ਕਾਕਾ, ਸੋਨੂੰ, ਰੁਲਦੂ, ਬਿਮਲਾ, ਅਰੁਣ ਕੁਮਾਰ ਆਦਿ ਹਾਜ਼ਰ ਸਨ |