ਫ਼ਿਰੋਜ਼ਪੁਰ, 9 ਮਈ (ਗੁਰਿੰਦਰ ਸਿੰਘ)-ਬੀਤੀ 30 ਅਪ੍ਰੈਲ ਨੂੰ ਫ਼ਿਰੋਜ਼ਪੁਰ-ਫਾਜਿਲਕਾ ਸੜਕ 'ਤੇ ਕੈਂਟਰ ਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਵਾਹਨਾਂ ਨੂੰ ਲੱਗੀ ਅੱਗ ਨਾਲ ਕੈਂਟਰ ਵਿਚ ਸੜ ਕੇ ਕੰਡਕਟਰ ਦੀ ਹੋਈ ਮੌਤ ਦੇ ਸਬੰਧ ਵਿਚ ਥਾਣਾ ਸਦਰ ਪੁਲਿਸ ਨੇ ਕੈਂਟਰ ਚਾਲਕ ਦੇ ਬਿਆਨਾਂ 'ਤੇ ਟਰਾਲਾ ਚਾਲਕ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਦੱਸਿਆ ਕਿ ਬੀਤੀ 30 ਅਪ੍ਰੈਲ ਤੜਕਸਾਰ ਇਕ ਕੈਂਟਰ ਅਤੇ ਟਰਾਲੇ ਵਿਚ ਐਕਸੀਡੈਂਟ ਹੋਇਆ ਜਿਸ ਕਾਰਨ ਦੋਹਾਂ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਕੈਂਟਰ ਵਿਚ ਕੰਡਕਟਰ ਵਿਚੇ ਹੀ ਸੜ ਗਿਆ ਜਿਸ ਦੀ ਮੌਕਾ ਪਰ ਹੀ ਮੌਤ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਕੈਂਟਰ ਚਾਲਕ ਸ਼ਮਸ਼ੇਰ ਖਾਂ ਪੁੱਤਰ ਲਿਆਕਤ ਅਲੀ ਵਾਸੀ ਵਾਰਡ ਨੰਬਰ 10 ਥਾਣਾ ਬਸੇਲੀ ਕਠੂਆ ਨੇੜੇ ਗੌਰਮਿੰਟ ਸਕੂਲ ਜੰਮੂ ਐਂਡ ਕਸ਼ਮੀਰ ਦੇ ਬਿਆਨਾ 'ਤੇ ਟਰਾਲਾ ਚਾਲਕ ਸਰਵਨ ਕੁਮਾਰ ਪੁੱਤਰ ਮੰਗੀ ਲਾਲ ਵਾਸੀ ਪਾਰਵਾ ਥਾਣਾ ਨੇਖਾ ਜ਼ਿਲ੍ਹਾ ਬੀਕਾਨੇਰ ਰਾਜਸਥਾਨ ਖ਼ਿਲਾਫ਼ ਧਾਰਾ 106, 281, 324 (5), 125 (ਏ), 125 (ਬੀ) ਬੀ.ਐਨ.ਐਸ ਅਤੇ 304-ਏ,279,427,337,338 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਸੜਿਆ ਹੋਇਆ ਟਰਾਲਾ ਅਤੇ ਇਕ ਕੈਂਟਰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |