ਜ਼ੀਰਾ, 16 ਮਈ (ਰਜਨੀਸ਼ ਕਥੂਰੀਆ)-ਕੋਟ ਈਸੇ ਖਾਂ ਰੋਡ 'ਤੇ ਪਸ਼ੂ ਹਸਪਤਾਲ ਦੇ ਸਾਹਮਣੇ ਸਥਿਤ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀਆਂ ਆਪ ਹੁਦਰੀਆਂ ਤੋਂ ਆਮ ਲੋਕ ਬਹੁਤ ਪਰੇਸ਼ਾਨ ਹਨ | ਆਪਣੇ ਸਰਕਾਰੀ ਕੰਮਾਂ ਕਾਰਾਂ ਲਈ ਇਸ ਸੇਵਾ ਕੇਂਦਰ ਵਿੱਚ ਜਾਂਦੇ ਆਮ ਲੋਕਾਂ ਦੀ ਦਫਤਰ ਵਿੱਚ ਮੌਜੂਦ ਸਟਾਫ ਵਲੋਂ ਇਸ ਕਦਰ ਖੱਜਲ ਖੁਆਰੀ ਕਰਵਾਈ ਜਾਂਦੀ ਹੈ ਕਿ ਅੱਕ ਕੇ ਲੋਕ ਪ੍ਰਾਈਵੇਟ ਕੈਫ਼ੇ ਤੋਂ ਕੰਮ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ | ਆਪਣੇ ਕੰਮ ਕਾਰ ਕਰਵਾਉਣ ਲਈ ਸੇਵਾ ਕੇਂਦਰ ਦੇ ਵਾਰ ਵਾਰ ਗੇੜੇ ਮਾਰਨ ਤੋਂ ਅੱਕੇ ਕੁਝ ਵਿਅਕਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ ਵਿਚ ਆਪਣੇ ਕੰਮ ਕਾਰ ਕਰਵਾਉਣ ਲਈ ਜਾਣ ਤੇ ਪਹਿਲਾਂ ਤਾਂ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਇਕੋ ਵਾਰ ਸਬੰਧਤ ਡਾਕੂਮੈਂਟ ਲਿਆਉਣ ਲਈ ਕਹਿਣ ਦੀ ਬਜਾਏ ਜਾਣ ਬੁੱਝ ਕੇ ਹੋਰ ਡਾਕੂਮੈਂਟ ਲਿਆਉਣ ਲਈ ਕਹਿ ਕੇ ਵਾਰ ਵਾਰ ਗੇੜੇ ਲਗਵਾਏ ਜਾਂਦੇ ਹਨ | ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਕੰਮ ਨਾਲ ਸੰਬੰਧਿਤ ਡਾਕੂਮੈਂਟ ਮੁਕੰਮਲ ਹੋ ਜਾਂਦੇ ਹਨ ਤਾਂ ਸੇਵਾ ਕੇਂਦਰ ਵਿਚ ਬੈਠੇ ਮੁਲਾਜ਼ਮ ਇੱਕ ਦੂਸਰੇ ਨੂੰ ਫਾਈਲ ਫੜਾ ਕੇ ਕੰਮ ਕਰਨ ਲਈ ਕਹਿੰਦੇ ਹਨ | ਜਿਸ ਕਰਕੇ ਅਖੀਰ ਵਿਚ ਸੇਵਾ ਕੇਂਦਰ ਵਿਚ ਲੰਚ ਟਾਈਮ ਜਾਂ ਛੁੱਟੀ ਦਾ ਸਮਾਂ ਹੋ ਜਾਣ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਅਗਲੇ ਦਿਨ ਆਪਣੇ ਕੰਮ ਕਾਰ ਕਰਵਾਉਣ ਲਈ ਆਉਣਾ ਪੈਂਦਾ ਹੈ | ਉਹਨਾਂ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਰਕੇ ਪਿੰਡਾਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਜਿੱਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਹਨਾਂ ਦੱਸਿਆ ਕਿ ਸੇਵਾ ਕੇਂਦਰ ਦੇ ਕੁਝ ਮੁਲਾਜ਼ਮ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਦੀ ਬਜਾਏ ਅਕਸਰ ਹੀ ਦੁਰਵਿਹਾਰ ਕਰਦੇ ਹਨ | ਜਿਸ ਤੋਂ ਬਾਅਦ ਅੱਕ ਕੇ ਲੋਕ ਵੱਧ ਫ਼ੀਸ ਭਰ ਕੇ ਪ੍ਰਾਈਵੇਟ ਦੁਕਾਨਾਂ 'ਤੇ ਜਾ ਕੇ ਆਪਣਾ ਕੰਮ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ | ਇਸ ਸੰਬੰਧ ਵਿਚ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਸੇਵਾ ਕੇਂਦਰ ਇੰਚਾਰਜ ਯਸ਼ਪਾਲ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਵੀ ਫੋਨ ਚੁੱਕਣਾ ਮੁਨਾਸਬ ਨਾ ਸਮਝਿਆ |