ਮੁੱਦਕੀ, 20 ਮਈ (ਅਗਰਵਾਲ)-ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਸੱਦੀ ਗਈ ਦੇਸ਼ ਵਿਆਪੀ ਹੜਤਾਲ 'ਤੇ ਅੱਜ ਕਸਬਾ ਮੁੱਦਕੀ ਅੰਦਰ ਮੈਡੀਕਲ ਦੀਆਂ ਦੁਕਾਨਾਂ ਬੰਦ ਰਹੀਆਂ | ਇਸ ਦੌਰਾਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 'ਤੇ ਦਵਾਈਆਂ ਲਈ ਏਧਰ-ਓਧਰ ਭਟਕਣਾ ਪਿਆ | ਇਸ ਸਬੰਧੀ ਗੁਰੂ ਨਾਨਕ ਮੈਡੀਸਨ ਸਟੋਰ ਮੁੱਦਕੀ ਦੇ ਮਾਲਕ ਅਮਰੀਕ ਸਿੰਘ ਬਿੱਟੂ ਬੇਦੀ ਅਤੇ ਦੀਪ ਮੈਡੀਕਲ ਹਾਲ ਦੇ ਮਾਲਕ ਸੰਦੀਪ ਗਰਗ ਨੇ ਦੱਸਿਆ ਕਿ ਸਰਕਾਰ ਵਲੋਂ ਆਨਲਾਈਨ ਫਾਰਮੇਸੀ 'ਤੇ ਰੋਕ, ਜਨ ਔਸ਼ਧੀ ਕੇਂਦਰ ਬਿਨਾਂ ਲਾਇਸੰਸ ਤੇ ਸਾਰੀਆਂ ਦਵਾਈਆਂ ਰੱਖਣ 'ਤੇ ਰੋਕ ਲਗਾਈ ਗਈ ਹੈ ਅਤੇ ਅਜਿਹੀਆਂ ਦਵਾਈਆਂ ਹਨ | ਜਿਨ੍ਹਾਂ 'ਤੇ ਰੋਕ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਜੋ ਰੋਜ਼ਮਰ੍ਹਾ ਦੇ ਮਰੀਜ਼ ਹਨ, ਉਨ੍ਹਾਂ ਨੂੰ ਆਉਂਦੇ ਸਮੇਂ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਕੈਮਿਸਟ ਐਸੋਸੀਏਸ਼ਨ ਵਲੋਂ ਹੋਰ ਮੰਗਾਂ ਸਮੇਤ ਦਵਾਈਆਂ ਦੀ ਹੋ ਰਹੀ ਆਨਲਾਈਨ ਵਿੱਕਰੀ ਨੂੰ ਬੰਦ ਕਰਨ ਦੀ ਸਰਕਾਰ ਤੋਂ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤੇ ਜਾਣ ਦੇ ਰੋਸ ਵਜੋਂ ਇਹ ਰੁੱਖ ਅਪਣਾਇਆ ਜਾ ਰਿਹਾ ਹੈ | ਬਿੱਟੂ ਬੇਦੀ ਅਤੇ ਗਰਗ ਨੇ ਕਿਹਾ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਵੱਡੀਆਂ ਰਾਹਤਾਂ ਦੇ ਕੇ ਦਵਾਈਆਂ ਵੇਚ ਰਹੀਆਂ ਹਨ | ਜਿਸ ਕਾਰਨ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਆਉਣ ਵਾਲੇ ਸਮੇਂ ਵਿਚ ਕੈਮਿਸਟ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |