ਮੁੱਦਕੀ, 31 ਮਈ (ਭਾਰਤ ਭੂਸ਼ਨ ਅਗਰਵਾਲ)-ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਡਾ.ਕੁਲਦੀਪ ਸਿੰਘ ਨਾਗੀ ਹਲਕਾ ਇੰਚਾਰਜ ਮੈਡੀਕਲ ਵਿੰਗ ਆਮ ਆਦਮੀ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਨੇ ਕਿਹਾ ਕਿ ਇਹ ਜਿੱਤ ਪੰਜਾਬ ਦੇ ਲੋਕਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਦੇ ਵਿਕਾਸ ਕਾਰਜਾਂ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ-ਪੱਖੀ ਨੀਤੀਆਂ 'ਤੇ ਲਗਾਈ ਗਈ ਭਰੋਸੇ ਦੀ ਮੋਹਰ ਹੈ | ਡਾ.ਨਾਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਿੱਖਿਆ, ਸਿਹਤ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਇਤਿਹਾਸਕ ਕੰਮ ਕੀਤੇ ਹਨ | ਇਨ੍ਹਾਂ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਉਹ ਵਿਕਾਸ ਦੀ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਵਿਚ ਮਿਲੀ ਇਹ ਜਿੱਤ ਸਿਰਫ਼ ਚੋਣੀ ਜਿੱਤ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ, ਵਿਸ਼ਵਾਸ ਅਤੇ ਸਮਰਥਨ ਦੀ ਜਿੱਤ ਹੈ | ਲੋਕਾਂ ਨੇ ਵਿਰੋਧੀ ਪਾਰਟੀਆਂ ਦੀ ਨਕਾਰਾਤਮਿਕ ਅਤੇ ਭਰਮ ਫੈਲਾਉਣ ਵਾਲੀ ਰਾਜਨੀਤੀ ਨੂੰ ਨਕਾਰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਪਸ਼ਟ ਫ਼ਤਵਾ ਦਿੱਤਾ ਹੈ | ਡਾ. ਨਾਗੀ ਨੇ ਸਮੂਹ ਜੇਤੂ ਉਮੀਦਵਾਰਾਂ, ਪਾਰਟੀ ਅਹੁਦੇਦਾਰਾਂ, ਵਲੰਟੀਅਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਵਿਚ ਹਰ ਵਰਕਰ ਦੀ ਮਿਹਨਤ ਅਤੇ ਲੋਕਾਂ ਦੇ ਅਟੁੱਟ ਸਹਿਯੋਗ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਸਥਾਨਕ ਸਰਕਾਰਾਂ ਰਾਹੀਂ ਵਿਕਾਸ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ |