ਗੁਰੂਹਰਸਹਾਏ, 31 ਮਈ (ਕਪਿਲ ਕੰਧਾਰੀ)-ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਆਦਰਸ਼ ਨਗਰ ਦੇ ਨੰਨੇ-ਮੁੰਨੇ ਬੱਚਿਆਂ ਵਲੋਂ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਲਈ ਠੰਢੇ ਪਾਣੀ ਦੀ ਸੇਵਾ ਲਗਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਤੇ ਸ੍ਰੀ ਖਾਟੂ ਸ਼ਾਮ ਮੰਦਰ ਦੇ ਪ੍ਰਧਾਨ ਰਾਮ ਨਰੂਲਾ ਨੇ ਦੱਸਿਆ ਕਿ ਬੱਚਿਆਂ ਨੇ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਲੋਕਾਂ ਨੂੰ ਠੰਢਾ ਪਾਣੀ ਪਿਲਾਇਆ ਅਤੇ ਸਮਾਜ ਸੇਵਾ ਦਾ ਸੁੰਦਰ ਸੰਦੇਸ਼ ਦਿੱਤਾ | ਇਸ ਮੌਕੇ ਵਿਨੋਦ ਕੁਮਾਰ, ਦੀਪੂ ਮੋਂਗਾ, ਹਰੀਸ਼ ਨਰੂਲਾ, ਅਰਪਿਤ, ਰਿਹਾਨ ਨਰੂਲਾ, ਕਾਰਤਿਕ, ਨੂਰ, ਨੈਤਿਕ ਨਰੂਲਾ, ਆਰਵ ਅਤੇ ਸਮਾਈਲ ਨੇ ਸਰਗਰਮ ਭੂਮਿਕਾ ਨਿਭਾਈ | ਇਲਾਕਾ ਨਿਵਾਸੀਆਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਸੇਵਾ, ਪਰਉਪਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ | ਬੱਚਿਆਂ ਵਲੋਂ ਕੀਤੀ ਗਈ ਇਸ ਸ਼ੀਤਲ ਜਲ ਸੇਵਾ ਨੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਅਤੇ ਸਮਾਜ ਵਿਚ ਸੇਵਾ ਭਾਵਨਾ ਦਾ ਪ੍ਰੇਰਣਾਦਾਇਕ ਸੰਦੇਸ਼ ਦਿੱਤਾ |