ਮਮਦੋਟ, 12 ਜੂਨ (ਸੁਖਦੇਵ ਸਿੰਘ ਸੰਗਮ)-ਖੇਤੀਬਾੜੀ ਵਿਭਾਗ ਬਲਾਕ ਮਮਦੋਟ ਦੁਆਰਾ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ''ਖੇਤ ਬਚਾਓ'' ਮੁਹਿੰਮ ਤਹਿਤ ਨੇੜਲੇ ਪਿੰਡ ਰਹੀਮੇ ਕੇ ਵਿਖੇ ਮਿੱਟੀ ਉਪਜਾਊ ਸ਼ਕਤੀ ਵਧਾਉਣ ਅਤੇ ਖੇਤੀ ਲਾਗਤ ਖ਼ਰਚੇ ਘੱਟ ਕਰਨ ਦੇ ਉਦੇਸ਼ ਨਾਲ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ | ਮੇਰਠ(ਉਤਰ ਪ੍ਰਦੇਸ਼) ਦੀ ਸੰਸਥਾ ਅਪੀਡਾ ਦੇ ਸਹਿਯੋਗ ਨਾਲ ਲਾਏ, ਇਸ ਕੈਂਪ ਵਿਚ ਬਲਾਕ ਖੇਤੀਬਾੜੀ ਅਫ਼ਸਰ ਮਮਦੋਟ ਨੀਰਜ ਸ਼ਰਮਾ ਦੇ ਆਦੇਸ਼ਾਂ 'ਤੇ ਆਤਮਾ ਦੇ ਬਲਾਕ ਟੈਕਨੋਲਜੀ ਮੈਨੇਜਰ ਅਸ਼ਵ ਬਜਾਜ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀਆ ਫ਼ਸਲਾਂ ਵਿਚ ਕੀੜੇ, ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਤੋ ਬਚਾਅ ਲਈ ਸਮੇਂ-ਸਮੇਂ 'ਤੇ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਤੋਂ ਜਾਣੰੂ ਕਰਵਾਇਆ | ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਆਪਣੀ ਫਾਰਮਰ ਆਈ.ਡੀ ਬਣਾਉਣ ਦੀ ਸਲਾਹ ਦਿੱਤੀ ਤਾਂ ਜੋ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਫ਼ਾਇਦਾ ਬਿਨਾਂ ਕਿਸੇ ਰੁਕਾਵਟ ਦੇ ਲਿਆ ਜਾ ਸਕੇ | ਇਸ ਮੌਕੇ ਡਾ.ਪ੍ਰਮੋਦ ਕੁਮਾਰ ਤੋਮਰ(ਅਪੀਡਾ) ਵਲੋਂ ਕਿਸਾਨਾਂ ਨੂੰ ਉੱਚ ਮਿਆਰੀ ਬਾਸਮਤੀ ਪੈਦਾ ਕਰਨ ਲਈ ਜ਼ਰੂਰੀ ਨੁਕਤੇ ਦੱਸੇ ਗਏ ਅਤੇ ਗੈਰ ਸਿਫ਼ਾਰਸ਼ੀ ਕੀਟ-ਨਾਸ਼ਕ ਨਾਂ ਵਰਤਣ ਦੀ ਅਪੀਲ ਕੀਤੀ ਗਈ ਤਾਂ ਜੋ ਬਾਸਮਤੀ ਦੀ ਐਕਸਪੋਰਟ ਕਰਨ ਸਮੇਂ ਕੋਈ ਦਿੱਕਤ ਨਾਂ ਆਵੇ | ਇਸ ਮੌਕੇ ਗੁਰਮੀਤ ਸਿੰਘ(ਆਤਮਾ), ਕੁਲਦੀਪ ਸਿੰਘ ਜੇ.ਟੀ, ਬਲਜਿੰਦਰ ਸਿੰਘ ਜੇ.ਟੀ, ਸੁਖਦੀਪ ਸਿੰਘ ਸਕੱਤਰ, ਹਰਪ੍ਰੀਤ ਸਿੰਘ, ਜੀਵਨ ਸਿੰਘ ਅਤੇ ਰਣਜੀਤ ਸਿੰਘ ਆਦਿ ਮੌਜੂਦ ਸਨ |