ਫ਼ਿਰੋਜ਼ਪੁਰ, 12 ਜੂਨ (ਗੁਰਿੰਦਰ ਸਿੰਘ)-ਇਕ ਬੀਮਾ ਪਾਲਿਸੀ ਦੇ ਆਧਾਰ 'ਤੇ ਧੋਖਾਧੜੀ ਕਰਕੇ ਬੀਮਾ ਕਲੇਮ ਹਾਸਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਸਿਮਰਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਸੈਕਟਰ-22 ਸੀ, ਚੰਡੀਗੜ੍ਹ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਰਮੇਸ਼ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਗੱਟੀ ਰਾਜੋ ਕੇ ਨੇ ਟਾਟਾ ਏ.ਆਈ.ਏ. ਲਾਈਫ਼ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਭਰਾ ਰਾਕੇਸ਼ ਸਿੰਘ ਦਾ ਬੀਮਾ ਕਰਵਾਉਣ ਲਈ ਮਿਤੀ 2 ਜੁਲਾਈ 2024 ਨੂੰ ਬੀਮਾ ਪਾਲਿਸੀ ਅਪਲਾਈ ਕਰਦਿਆਂ ਰਾਕੇਸ਼ ਸਿੰਘ ਦੀ ਥਾਂ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਬੀਬ ਵਾਲਾ ਦੀ ਫ਼ੋਟੋ ਲਗਾਈ | ਇਸ ਤੋਂ ਇਲਾਵਾ ਰਮੇਸ਼ ਸਿੰਘ ਨੇ ਡਾ. ਸਤਨਾਮ ਸਿੰਘ ਬਗੀਚੀ ਨਾਲ ਮਿਲੀਭੁਗਤ ਕਰਕੇ ਰਾਕੇਸ਼ ਸਿੰਘ ਦੀ ਮੌਤ ਸਬੰਧੀ ਜਾਅਲੀ ਮੌਤ ਸਰਟੀਫਿਕੇਟ ਤਿਆਰ ਕਰਵਾਇਆ, ਤਾਂ ਜੋ ਬੀਮਾ ਕਲੇਮ ਦੀ ਰਕਮ ਹਾਸਲ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਮਿਲੀ ਸ਼ਿਕਾਇਤ ਦੀ ਪੜਤਾਲ ਉਪਰੰਤ ਅਤੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਰਮੇਸ਼ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਗੱਟੀ ਰਾਜੋ ਕੇ, ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਬੀਬ ਵਾਲਾ ਅਤੇ ਡਾ. ਸਤਨਾਮ ਸਿੰਘ ਬਗੀਚੀ ਪੁੱਤਰ ਮਹਿੰਦਰ ਸਿੰਘ ਵਾਸੀ ਮੁਲਤਾਨੀ ਗੇਟ ਬਾਹਰਵਾਰ, ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ, ਫ਼ਿਰੋਜ਼ਪੁਰ ਸ਼ਹਿਰ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਬੀ.ਐਨ.ਐੱਸ ਦੀ ਧਾਰਾ 319(2),318(4), 336(2),338, 336(3),340(2), 61(2) ਅਤੇ 419,420, 465,467, 468,471, 120-ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |