11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਫ਼ਿਰੋਜ਼ਪੁਰ ’ਚ ਜਲਦ ਕਰਵਾਇਆ ਜਾਵੇਗਾ ਜੂਨੀਅਰ ਹਾਕੀ ਟੂਰਨਾਮੈਂਟ-ਡਾ. ਅਨੀਰੁੱਧ ਗੁਪਤਾ ਜੂਨੀਅਰ ਏਸ਼ੀਆ ਕੱਪ ਕਾਂਸੀ ਤਗਮਾ ਜੇਤੂ ਰਸ਼ਮੀਨ ਕੌਰ ਨੂੰ 11 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਕੀਤਾ ਸਨਮਾਨਿਤਸ਼ਹੀਦ ਭਗਤ ਸਿੰਘ ਹਾਕੀ ਐਸਟ੍ਰਰੋਟਰਫ ਸਟੇਡੀਅਮ ਵਿਚ ਖਿਡਾਰੀਆਂ ਨੂੰ ਸਵੇਰੇ-ਸ਼ਾਮ ਦਿੱਤੀ ਜਾਂਦੀ ਹੈ ਕੋਚਿੰਗ- ਮਨਮੀਤ ਰੂਬਲ

Ad Position 21
No active advertisement
ਅਜੀਤ ਡੈਸਕ 19-06-2026
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਹਾਕੀ ਫ਼ਿਰੋਜ਼ਪੁਰ ਐਸੋਸੀਏਸ਼ਨ ਵਲੋਂ ਜ਼ਿਲ੍ਹੇ ਵਿਚ ਜਲਦ ਹੀ ਜੂਨੀਅਰ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ, ਤਾਂ ਜੋ ਨੌਜਵਾਨ ਖਿਡਾਰੀਆਂ ’ਚ ਹਾਕੀ ਪ੍ਰਤੀ ਉਤਸ਼ਾਹ ਵਧਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਹ ਗੱਲ ਹਾਕੀ ਫ਼ਿਰੋਜ਼ਪੁਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨੀਰੁੱਧ ਗੁਪਤਾ ਨੇ ਸ਼ਹੀਦ ਭਗਤ ਸਿੰਘ ਹਾਕੀ ਐਸਟ੍ਰਰੋਟਰਫ ਸਟੇਡੀਅਮ ਵਿਖੇ ਕਹੀ। ਡਾ. ਗੁਪਤਾ ਜਾਪਾਨ ਵਿਚ ਹੋਏ ਜੂਨੀਅਰ ਏਸ਼ੀਆ ਕੱਪ ਵਿਚ ਕਾਂਸੀ ਤਗਮਾ ਜਿੱਤਣ ਵਾਲੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਰਸ਼ਮੀਨ ਕੌਰ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਭੇਟ ਕਰਦਿਆਂ ਉਸ ਦਾ ਹੌਸਲਾ ਵਧਾਇਆ ਅਤੇ ਭਵਿੱਖ ਵਿਚ ਉਲੰਪਿਕ ਖੇਡਣ ਦਾ ਟੀਚਾ ਨਿਰਧਾਰਿਤ ਕਰਕੇ ਹੋਰ ਮਿਹਨਤ ਕਰਨ ਦੀ ਪੇ੍ਰਨਾ ਦਿੱਤੀ। ਇਸ ਦੌਰਾਨ ਰਸ਼ਮੀਨ ਕੌਰ ਦੇ ਪਿਤਾ ਡਾ. ਸੁਖਵਿੰਦਰ ਸਿੰਘ ਹਾਂਡਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਡਾ. ਅਨੀਰੁੱਧ ਗੁਪਤਾ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਫ਼ਿਰੋਜ਼ਪੁਰ ਹਾਕੀ ਲਈ ਦੁਨੀਆ ਭਰ ਵਿਚ ਮਸ਼ਹੂਰ ਸੀ। ਇਥੋਂ ਦੇ 5 ਤੋਂ 6 ਖਿਡਾਰੀ ਇਕੋ ਸਮੇਂ ਭਾਰਤੀ ਟੀਮ ਦਾ ਹਿੱਸਾ ਹੁੰਦੇ ਸਨ ਅਤੇ ਫ਼ਿਰੋਜ਼ਪੁਰ ਨੇ ਦੇਸ਼ ਨੂੰ ਕਈ ਓਲੰਪੀਅਨ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਮਿਸ਼ਨ ਹਾਕੀ ਤਹਿਤ ਜ਼ਿਲ੍ਹੇ ਵਿਚ ਹਾਕੀ ਦੇ ਵਿਕਾਸ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਸਟੇਡੀਅਮ ਵਿਚ ਮੌਜੂਦ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਐਸੋਸੀਏਸ਼ਨ ਦੇ ਸਕੱਤਰ ਤੇ ਹਾਕੀ ਕੋਚ ਮਨਮੀਤ ਸਿੰਘ ਰੂਬਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਾਕੀ ਐਸਟ੍ਰਰੋਟਰਫ ਸਟੇਡੀਅਮ ਵਿਚ ਖਿਡਾਰੀਆਂ ਨੂੰ ਰੋਜ਼ਾਨਾ ਸਵੇਰੇ ਅਤੇ ਸ਼ਾਮ ਮੁਫ਼ਤ ਕੋਚਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਵਧੀਆ ਖ਼ੁਰਾਕ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਸ਼ਮੀਨ ਕੌਰ ਬਾਬਾ ਸ਼ੇਰ ਸ਼ਾਹ ਵਾਲੀ ਹਾਕੀ ਅਕੈਡਮੀ ਦੀ ਖਿਡਾਰਨ ਹੈ, ਜਿਸ ਨੇ ਇਥੇ ਸਿਖਲਾਈ ਹਾਸਿਲ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ, ਖ਼ਾਸ ਕਰਕੇ ਹਾਕੀ ਨਾਲ ਜੁੜਨ, ਤਾਂ ਜੋ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣਾ ਅਤੇ ਦੇਸ਼ ਦਾ ਭਵਿੱਖ ਰੌਸ਼ਨ ਕਰ ਸਕਣ। ਇਸ ਮੌਕੇ ਰਿਟਾਇਰਡ ਡੀ. ਐੱਸ. ਓ. ਹਰਨਰਾਇਣ ਸਿੰਘ ਲਾਡੀ, ਬਾਬਾ ਸ਼ੇਰ ਸ਼ਾਹ ਵਾਲੀ ਟਰੱਸਟ ਦੇ ਮੈਨੇਜਰ ਅਸ਼ੋਕ ਪਸਰੀਚਾ, ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ, ਜਸਪ੍ਰੀਤ ਸਿੰਘ ਤੂਰ, ਮਨਮਿੰਦਰ ਹਾਂਡਾ, ਕਰਨਦੀਪ ਸਿੰਘ, ਡਾ. ਪ੍ਰਗਟ ਸਿੰਘ, ਸਾਜਨਪ੍ਰੀਤ ਸਿੰਘ, ਸੁਨੀਲ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਕਾਰਨ 26 ਤੋਂ 29 ਜੂਨ ਤੱਕ ਆਟੋ ਮਾਰਕੀਟ ਰਹੇਗੀ ਮੁਕੰਮਲ ਬੰਦ ਅਗਲੀ ਖ਼ਬਰ ਵਾਰਡ ਨੰਬਰ 2 ਨੂੰ ਮਿਲੀ ਵੱਡੀ ਰਾਹਤ
Ad Position 24