ਫ਼ਿਰੋਜ਼ਪੁਰ, 30 ਜੂਨ (ਕੁਲਬੀਰ ਸਿੰਘ ਸੋਢੀ)-ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਬੀ.ਕੇ.ਯੂ ਕ੍ਰਾਂਤੀਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਦੇ ਐੱਸ.ਈ ਫ਼ਿਰੋਜ਼ਪੁਰ ਦੇ ਦਫ਼ਤਰ ਮੂਹਰੇ ਬਿਜਲੀ ਦੇ ਕੱਟ ਤੋਂ ਪ੍ਰੇਸ਼ਾਨ ਕਿਸਾਨਾਂ ਮਜ਼ਦੂਰਾਂ ਵਲੋਂ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਅਤੇ ਸੂਰਜਭਾਨ ਸਿੰਘ ਬੀ.ਕੇ.ਯੂ. ’ਤੇ ਸਾਹਿਬ ਸਿੰਘ ਖਲਚੀਆਂ ਬੀ.ਕੇ.ਯੂ. ਕ੍ਰਾਂਤੀਕਾਰੀ ਬੁੱਟਰ ਗਰੁੱਪ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਬਿਜਲੀ ਦੀ ਸਪਲਾਈ ਦੀ ਸਮੱਸਿਆ ਚੱਲ ਰਹੀ ਹੈ ਵੱਡੇ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਹਨ। ਪਾਵਰਕਾਮ ਦੀ ਅਫ਼ਸਰਸ਼ਾਹੀ ਅਤੇ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ। ਬਿਜਲੀ ਸੰਕਟ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਜਿਸ ਕਰਕੇ ਖੇਤੀਬਾੜੀ ਤੇ ਜਨ ਜੀਵਨ ਬੂਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਮਜ਼ਦੂਰਾਂ ਵਲੋਂ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਬਿਜਲੀ ਸਮੱਸਿਆ ਦਾ ਜਲਦੀ ਹੱਲ ਨਹੀਂ ਕੀਤਾ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇ। ਜਥੇਬੰਦੀ ਵਲੋਂ ਪਾਵਰਕਾਮ ਦੇ ਉੱਚ ਅਧਿਕਾਰੀ ਪਾਵਰਕਾਮ ਦੇ ਐੱਸ.ਈ ਫ਼ਿਰੋਜ਼ਪੁਰ ਹਰਪ੍ਰੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਮੰਗਾਂ ਜਿਵੇਂ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਸੀਜ਼ਨ ਦੌਰਾਨ ਖੇਤੀ ਮੋਟਰਾਂ 16 ਘੰਟੇ ਬਿਜਲੀ ਦਿੱਤੀ ਜਾਵੇ ਤਾਂ ਜੋ ਫ਼ਸਲਾਂ ਦੀ ਸਿੰਚਾਈ ਪ੍ਰਭਾਵਿਤ ਨਾ ਹੋਵੇ, ਪੰਜਾਬ ਦੇ ਸਾਰੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਯਕੀਨੀ ਬਣਾਈ ਜਾਵੇ, ਖ਼ਰਾਬ ਅਤੇ ਡੈਮੇਜ ਟਰਾਂਸਫ਼ਾਰਮਰਾਂ ਦੀ ਤੁਰੰਤ ਬਦਲੀ, ਖੇਤੀ ਮੋਟਰਾਂ ਅਤੇ 24 ਘੰਟੇ ਵਾਲੀ ਸਪਲਾਈ ਦੇ ਖ਼ਰਾਬ/ਡੈਮੇਜ ਟਰਾਂਸਫ਼ਾਰਮਰਾਂ ਨੂੰ 24 ਘੰਟਿਆਂ ਦੇ ਅੰਦਰ ਬਦਲਿਆ ਜਾਵੇ, ਟਰਾਂਸਫ਼ਾਰਮਰ ਲਿਜਾਉਣ ਅਤੇ ਲਿਆਉਣ ਦਾ ਪੂਰਾ ਪ੍ਰਬੰਧ ਸਰਕਾਰੀ ਗੱਡੀ ਰਾਹੀਂ ਕੀਤਾ ਜਾਵੇ, ਇਸ ਦਾ ਬੋਝ ਲੋਕਾਂ ਉੱਪਰ ਨਾ ਪਾਇਆ ਜਾਵੇ। ਬਿਜਲੀ ਬੋਰਡ ਵਿਚ ਕਰਮਚਾਰੀਆਂ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਸਾਰੀਆਂ ਖ਼ਾਲੀ ਅਸਾਮੀਆਂ ’ਤੇ ਤੁਰੰਤ ਭਰਤੀ ਕੀਤੀ ਜਾਵੇ ਤਾਂ ਜੋ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਪਾਵਰਕਾਮ ਅੰਦਰ ਪ੍ਰਾਈਵੇਟ ਠੇਕੇਦਾਰਾਂ ਵਲੋਂ ਕੀਤੇ ਜਾ ਰਹੇ ਘਟੀਆ ਅਤੇ ਨਿਯਮਾਂ ਦੇ ਉਲਟ ਕੰਮਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ, ਕਿਉਂਕਿ ਬਿਜਲੀ ਦਾ ਕੰਮ ਸਿੱਧੇ ਤੌਰ ’ਤੇ ਲੋਕਾਂ ਦੀ ਜਾਨ ਅਤੇ ਮਾਲ ਨਾਲ ਜੁੜਿਆ ਹੋਇਆ ਹੈ। ਸਾਰੇ ਕੰਮ ਪਾਵਰਕਾਮ ਦੇ ਨਿਯਮਾਂ ਅਤੇ ਤਕਨੀਕੀ ਮਿਆਰਾਂ ਅਨੁਸਾਰ ਹੀ ਕਰਵਾਏ ਜਾਣ। ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਖੱਚਰ ਵਾਲਾ, ਸੁਰਜੀਤ ਸਿੰਘ ਫ਼ੌਜੀ, ਹਰਫੂਲ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਗੁਰਮੇਲ ਸਿੰਘ ਜੀਉ ਬੱਗਾ, ਅਜਮੇਰ ਸਿੰਘ, ਬਚਿੱਤਰ ਸਿੰਘ, ਗੁਰਨਾਮ ਸਿੰਘ ਆਲੀਕੇ, ਗੁਰਭੇਜ ਸਿੰਘ,ਗੁਰਬਖ਼ਸ਼ ਸਿੰਘ, ਅਮਨਦੀਪ ਸਿੰਘ , ਵੀਰ ਸਿੰਘ ਨਿਜ਼ਾਮੀ ਵਾਲਾ, ਬਲਰਾਜ ਸਿੰਘ, ਮਨਜੋਤ ਸਿੰਘ ਐਡਵੋਕੇਟ, ਗੁਰਦਿਆਲ ਸਿੰਘ ਟਿੱਬੀ, ਅਨੋਖ ਸਿੰਘ, ਮਨਜੀਤ ਸਿੰਘ, ਬੋਹੜ ਸਿੰਘ, ਜੁਗਰਾਜ ਸਿੰਘ ਗੁਰਮੁਖ ਸਿੰਘ, ਸੁਖਦੇਵ ਸਿੰਘ ਆਦਿ ਆਗੂ ਹਾਜ਼ਰ ਸਨ।