ਫ਼ਾਜ਼ਿਲਕਾ, 30 ਜੂਨ(ਅਮਰਜੀਤ ਸ਼ਰਮਾ)-ਅਸੀਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਫ਼ਾਜ਼ਿਲਕਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਜ਼ਿਕਰਯੋਗ ਹੈ ਕਿ ਮਾਰਚ 2026 ਤੋਂ ਐਨ.ਜੀ.ਓ. ਪਾਰਟਨਰ ‘ਫਾਊਂਡੇਸ਼ਨ ਫ਼ਾਰ ਡਿਵੈਲਪਮੈਂਟ ਇਨੀਸ਼ੀਏਟਿਵ’ ਨੇ ਪੰਜਾਬ ਦੇ ਫ਼ਾਜ਼ਿਲਕਾ ਜ਼ਿਲੇ੍ਹ ਤੋਂ ਇਸ ਅਸੀਸ ਸਕਾਲਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਤਹਿਤ ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇਸ ਪ੍ਰਕਿਰਿਆ ਦੇ ਅਧੀਨ ਦੋ ਹੋਣਹਾਰ ਵਿਦਿਆਰਥਣਾਂ ਅੰਜੂ ਰਾਣੀ ਅਤੇ ਮਨੀਸ਼ਾ ਨੂੰ ਉਨ੍ਹਾਂ ਦੇ ਪੂਰੇ ਕੋਰਸ ਦੀ ਫ਼ੀਸ ਦੀ ਸਕਾਲਰਸ਼ਿਪ ਦਿੱਤੀ ਗਈ ਹੈ। ਇਸ ਮੌਕੇ ਆਈ.ਟੀ.ਆਈ. ਦੇ ਡਾਇਰੈਕਟਰ ਮਨਜੀਤ ਸਵਾਮੀ ਨੇ ਵਿਦਿਆਰਥੀਆਂ ਨੂੰ ਚੈੱਕ ਸੌਂਪ ਕੇ ਇਹ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤੇ ਵਿਚ ਭੇਜਣ ਦੀ ਪ੍ਰਕਿਰਿਆ ਮੁਕੰਮਲ ਕੀਤੀ। ਮਨਜੀਤ ਸਵਾਮੀ ਨੇ ਦੱਸਿਆ ਕਿ ਇਸ ਖੇਤਰ ਦੇ ਬੱਚਿਆਂ ਨੂੰ ਅਜਿਹੀ ਵਿੱਤੀ ਸਹਾਇਤਾ ਦੀ ਬਹੁਤ ਲੋੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹਾ ਇਕ ਸਰਹੱਦੀ ਖੇਤਰ ਹੈ ਅਤੇ ਇੱਥੇ ਕੋਈ ਵੱਡਾ ਉਦਯੋਗ ਵੀ ਨਹੀਂ ਹੈ। ਆਈ.ਟੀ.ਆਈ. ਵਿਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀ ਬਹੁਤ ਹੀ ਗ਼ਰੀਬ ਪਿਛੋਕੜ ਤੋਂ ਆਉਂਦੇ ਹਨ, ਇਸ ਲਈ ਅਜਿਹੇ ਪ੍ਰੋਗਰਾਮਾਂ ਨਾਲ ਇਸ ਇਲਾਕੇ ਦੇ ਬੱਚਿਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਏਕਿਊਮ ਦੇ ਸੀ.ਈ.ਓ.ਅਰਪਣ ਗੁਜਰਾਲ ਨੇ ਅਸੀਸ ਸਕਾਲਰਸ਼ਿਪ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਕਿਊਮ ਅਤੇ ਐਫ.ਡੀ.ਆਈ ਨੇ ਮਿਲ ਕੇ ਦੇਸ਼ ਦੇ ਹੋਣਹਾਰ ਅਤੇ ਲੋੜਵੰਦ ਬੱਚਿਆਂ ਲਈ ਇਹ ਪ੍ਰੋਗਰਾਮ ਤਿਆਰ ਕੀਤਾ ਹੈ। ਇਸ ਨਾਲ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਕੇ ਅੱਗੇ ਵਧਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਆਈ.ਟੀ.ਆਈ. ਫ਼ਾਜ਼ਿਲਕਾ ਅਤੇ ਉੱਥੋਂ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਸਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਐਫ.ਡੀ.ਆਈ. ਦੇ ਸੀ.ਈ.ਓ ਵਿਜੇ ਸਿੰਘ ਅਤੇ ਹੈੱਡ ਭੂਪ ਸਿੰਘ ਨੇ ਆਈ.ਟੀ.ਆਈ. ਪ੍ਰਬੰਧਕਾਂ ਅਤੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਜੀਆਂ।