ਮੱਖੂ, 30 ਜੂਨ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ ਇਕ ਇਤਿਹਾਸਕ ਅਤੇ ਪੰਜਾਬ ਦੀ ਨੁਮਾਇੰਦਾ ਖੇਤਰੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਵਿਕਾਸ, ਪੰਥਕ ਮਸਲਿਆਂ ਅਤੇ ਕਿਸਾਨੀ ਹੱਕਾਂ ਦੀ ਆਵਾਜ਼ ਉਠਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਦੇ ਏਜੰਡੇ ਵਿਚ ਸੂਬੇ ਦੀ ਆਰਥਿਕਤਾ, ਸਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਮੁੱਖ ਤੌਰ ’ਤੇ ਸ਼ਾਮਲ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਬੂਹ, ਤਰਸੇਮ ਸਿੰਘ ਚੱਕ ਮਰਹਾਣਾ ਅਤੇ ਵਿਸ਼ਾਲ ਠੁਕਰਾਲ ਸੀਨੀਅਰ ਯੂਥ ਅਕਾਲੀ ਆਗੂ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ 2027 ਵਿਚ ਪੰਜਾਬ ਅੰਦਰ ਬਣਨ ਜਾ ਰਹੀ ਸਰਕਾਰ ਦੇ ਦਾਅਵੇ ਨੂੰ ਲੈ ਕੇ ਪਾਰਟੀ ਵਰਕਰਾਂ ’ਤੇ ਸਮਰਥਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ, ਕਿਸਾਨਾਂ ਦੀ ਭਲਾਈ, ਨੌਜਵਾਨਾਂ ਲਈ ਰੋਜ਼ਗਾਰ ’ਤੇ ਧਾਰਮਿਕ-ਸੰਸਕ੍ਰਿਤਿਕ ਮੁੱਲਾਂ ਦੀ ਰੱਖਿਆ ਲਈ ਵਚਨਬੱਧ ਹਨ। ਉਨ੍ਹਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤ ਕੇ ਅਕਾਲੀ ਦਲ ਮੁੜ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਪਿਛਲੇ ਅਨੁਭਵ ’ਤੇ ਨਵੀਆਂ ਨੀਤੀਆਂ ਦੇ ਆਧਾਰ ’ਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਅਕਾਲੀ ਦਲ ਹੀ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਸਿਆਸੀ ਪਾਰਟੀ ਹੈ, ਜਿਸ ਨੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਪੂਰਾ ਪਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਲਾਲੇ ਪੰਜਾਬ ਦੀ ਲੁੱਟ-ਖਸੁੱਟ ਕਰ ਰਹੇ ਹਨ। ਅਕਾਲੀ ਦਲ ਨੇ ਸੂਬੇ ਦੀ ਰਾਜਨੀਤੀ ਵਿਚ ਲੰਬੇ ਸਮੇਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ, ਸੜਕਾਂ, ਬਿਜਲੀ ਪ੍ਰੋਜੈਕਟਾਂ ’ਤੇ ਖੇਤੀਬਾੜੀ ਨਾਲ ਸਬੰਧਿਤ ਕਈ ਯੋਜਨਾਵਾਂ ਵਿਚ ਪਾਰਟੀ ਦੀ ਵੱਡੀ ਭੂਮਿਕਾ ਰਹੀ ਹੈ, ਜਿਸ ਵੱਲ ਵੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਪੂਰਨ ਸਹਿਯੋਗ ਨਾਲ 2027 ਵਿਚ ਮੁੜ ਸੱਤਾ ’ਤੇ ਕਾਬਜ਼ ਹੋਵੇਗੀ ’ਤੇ ਪੰਜਾਬ ਦੇ ਵਿਕਾਸ ਨੂੰ ਮੁੜ ਤੋਂ ਸ਼ੁਰੂ ਕਰਵਾਏਗੀ।